ਤਾਜ਼ਾ ICC ਟੈਸਟ ਰੈਂਕਿੰਗ ''ਚ ਵਿਰਾਟ ਨੰਬਰ ਵਨ ਟੈਸਟ ਬੱਲੇਬਾਜ਼

09/12/2018 9:59:47 PM

ਦੁਬਈ— ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਵਿਰਾਟ ਕੋਹਲੀ ਭਾਵੇਂ ਹੀ ਆਪਣੀ ਟੀਮ ਨੂੰ ਇੰਗਲੈਂਡ ਵਿਰੁੱਧ ਜਿੱਤ ਨਾ ਦਿਵਾ ਸਕਿਆ ਹੋਵੇ ਪਰ ਉਹ 5 ਮੈਚਾਂ ਦੀ ਇਸ ਸੀਰੀਜ਼ ਤੋਂ ਬਾਅਦ ਬੁੱਧਵਾਰ ਜਾਰੀ ਤਾਜ਼ਾ ਆਈ. ਸੀ. ਸੀ. ਟੈਸਟ ਰੈਂਕਿੰਗ 'ਚ ਦੁਨੀਆ ਦਾ ਨੰਬਰ ਇਕ ਬੱਲੇਬਾਜ਼ ਬਣ ਗਿਆ ਹੈ। ਭਾਰਤ ਨੇ ਇੰਗਲੈਂਡ ਹੱਥੋਂ 5 ਮੈਚਾਂ ਦੀ ਸੀਰੀਜ਼ ਨੂੰ 1-4 ਨਾਲ ਗੁਆ ਦਿੱਤਾ, ਹਾਲਾਂਕਿ ਆਪਣੇ ਪ੍ਰਦਰਸ਼ਨ ਦੀ ਬਦੌਲਤ ਵਿਰਾਟ ਇੰਗਲੈਂਡ ਦੇ ਸੈਮ ਕਿਊਰਾਨ ਨਾਲ ਸਾਂਝੇ ਤੌਰ 'ਤੇ 'ਮੈਨ ਆਫ ਦਿ ਸੀਰੀਜ਼' ਬਣਿਆ। ਵਿਰਾਟ ਹੁਣ 930 ਰੇਟਿੰਗ ਅੰਕਾਂ ਨਾਲ ਟੈਸਟ ਬੱਲੇਬਾਜ਼ੀ ਰੈਂਕਿੰਗ ਵਿਚ ਚੋਟੀ ਦੇ ਸਥਾਨ 'ਤੇ ਪਹੁੰਚ ਗਿਆ ਹੈ। ਵਿਰਾਟ ਬਾਲ ਟੈਂਪਰਿੰਗ ਕਾਰਨ 12 ਮਹੀਨਿਆਂ ਲਈ ਸਸਪੈਂਡ ਕੀਤੇ ਗਏ ਆਸਟਰੇਲੀਆ ਦੇ ਸਟੀਵ ਸਮਿਥ ਤੋਂ ਇਕ ਅੰਕ ਅੱਗੇ ਹੈ, ਜਿਹੜਾ ਹੁਣ ਦੂਜੇ ਨੰਬਰ 'ਤੇ ਪਿਛੜ ਗਿਆ ਹੈ।
ਭਾਰਤੀ ਕਪਤਾਨ ਸੀਰੀਜ਼ ਦੀ ਸ਼ੁਰੂਆਤ ਵਿਚ ਸਮਿਥ ਤੋਂ 27 ਅੰਕ ਪਿੱਛੇ ਸੀ ਪਰ ਮੰਗਲਵਾਰ ਨੂੰ 5ਵੇਂ ਤੇ ਆਖਰੀ ਮੈਚ ਦੀ ਸਮਾਪਤੀ ਤੋਂ ਬਾਅਦ ਉਹ ਇਕ ਅੰਕ ਦੀ ਬੜ੍ਹਤ ਨਾਲ ਸਮਿਥ ਨੂੰ ਪਛਾੜਨ 'ਚ ਕਾਮਯਾਬ ਰਿਹਾ। ਭਾਰਤ ਆਖਰੀ ਮੈਚ ਓਵਲ ਵਿਚ 118 ਦੌੜਾਂ ਨਾਲ ਹਾਰਿਆ ਸੀ। ਵਿਰਾਟ ਹੁਣ 4 ਅਕਤੂਬਰ ਤੋਂ ਵੈਸਟਇੰਡੀਜ਼ ਵਿਰੁੱਧ ਸ਼ੁਰੂ ਹੋ ਰਹੀ ਦੋ ਟੈਸਟਾਂ ਦੀ ਘਰੇਲੂ ਸੀਰੀਜ਼ ਵਿਚ ਆਪਣੇ ਚੋਟੀ ਦੇ ਸਥਾਨ ਦਾ ਬਚਾਅ ਕਰਨ ਉਤਰੇਗਾ।