ਸੀਰੀਜ਼ ਜਿੱਤਣ ਤੋਂ ਬਾਅਦ ਕੋਹਲੀ ਨੇ ਪੰਤ ਦੀ ਕੀਤੀ ਸ਼ਲਾਘਾ, ਕਿਹਾ- 'ਮੈਚ ਫਿਨਿਸ਼ਰ'

08/07/2019 3:58:24 PM

ਗੁਆਨਾ : ਭਾਰਤ ਕ੍ਰਿਕਟ ਟੀਮ ਦਦੇ ਕਪਤਾਨ ਵਿਰਾਟ ਕੋਹਲੀ ਨੇ ਰਿਸ਼ਭ ਪੰਤ ਦੇ ਵਿੰਡੀਜ਼ ਖਿਲਾਫ ਟੀ-20 ਸੀਰੀਜ਼ ਦੇ ਆਖਰੀ ਮੁਕਾਬਲੇ ਵਿਚ 'ਮੈਚ ਫਿਨਿਸ਼ਰ' ਦੀ ਭੂਮਿਕਾ ਨਿਭਾਉਣ ਲਈ ਸ਼ਲਾਘਾ ਕੀਤੀ ਅਤੇ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿਚ ਨੌਜਵਾਨ ਵਿਕਟਕੀਪਰ ਇਸੇ ਤਰ੍ਹਾਂ ਦਾ ਪ੍ਰਦਰਸ਼ਨ ਕਰੇਗਾ। ਭਾਰਤ ਨੇ ਵਿੰਡੀਜ਼ ਖਿਲਾਫ ਟੀ-20 ਸੀਰੀਜ਼ ਦੇ ਆਖਰੀ ਮੈਚ ਵਿਚ 7 ਵਿਕਟਾਂ ਨਾਲ ਜਿੱਤ ਦਰਜ ਕਰਦਿਆਂ ਸੀਰੀਜ਼ ਵਿਚ 3-0 ਨਾਲ ਕਲੀਨ ਸਵੀਪ ਕੀਤਾ।

ਇਸ ਮੈਚ ਵਿਚ ਪੰਤ ਨੇ ਅਜੇਤੂ 65 ਦੌੜਾਂ ਦੀ ਪਾਰੀ ਖੇਡੀ ਅਤੇ ਟੀਮ ਦੀ ਜਿੱਤ ਵਿਚ ਮਹੱਤਪੂਰਨ ਭੂਮਿਕਾ ਨਿਭਾਈ। ਪੰਤ ਨੇ ਹਾਲਾਂਕਿ ਪਹਿਲੇ 2 ਮੈਚਾਂ ਵਿਚ ਕਾਫੀ ਨਿਰਾਸ਼ ਕੀਤਾ ਸੀ ਅਤੇ ਫਲੋਰੀਡਾ ਵਿਚ ਖੇਡੇ ਗਏ ਪਹਿਲੇ ਅਤੇ ਦੂਜੇ ਮੈਚ ਵਿਚ ਜ਼ੀਰੋ ਅਤੇ 4 ਦੌੜਾਂ ਬਣਾਈਆਂ ਸੀ। ਉਸ ਨੇ ਕਪਤਾਨ ਵਿਰਾਟ ਦੇ ਨਾਲ 5ਵੇਂ ਵਿਕਟ ਲਈ 106 ਦੌੜਾਂ ਦੀ ਸਾਂਝੇਦਾਰੀ ਕਰਦਿਆਂ ਭਾਰਤੀ ਟੀਮ ਨੂੰ ਜਿੱਤ ਦਿਵਾਈ। ਪੰਤ ਨੇ 42 ਗੇਂਦਾਂ ਵਿਚ 4 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ ਟੀ-20 ਕੌਮਾਂਤਰੀ ਕਰੀਅਰ ਦੀ ਸਰਵਸ੍ਰੇਸ਼ਠ ਅਜੇਤੂ 65 ਦੌੜਾਂ ਦੀ ਪਾਰੀ ਖੇਡੀ।

ਵਿਰਾਟ ਨੇ ਮੈਚ ਤੋਂ ਬਾਅਦ ਕਿਹਾ, ''ਬਹੁਤ ਵਧੀਆ। ਪਹਿਲੇ 2 ਮੈਚਾਂ ਵਿਚ ਉਸਨੇ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਅਤੇ ਦੌੜਾਂ ਨਹੀਂ ਬਣਾ ਸਕਿਆ ਪਰ ਟੀ-20 ਅਜਿਹਾ ਹੀ ਹੈ। ਤੀਜੇ ਮੈਚ ਵਿਚ ਪੰਤ ਨੇ ਪੱਕਾ ਕੀਤਾ ਕਿ ਉਹ ਪੂਰੀ ਸਮਰੱਥਾ ਨਾਲ ਟਿੱਕ ਕੇ ਖੇਡਣਗੇ। ਉਸਨੇ ਕੁਝ ਵੱਡੇ ਸ਼ਾਟ ਖੇਡੇ ਅਤੇ ਪੂਰੀ ਲੈਅ ਨਾਲ ਸਾਂਝੇਦਾਰੀ ਵਿਚ ਸਾਥ ਨਿਭਾਇਆ।''