ਕਪਤਾਨ ਕੋਹਲੀ ਦੇ ਮੁਰੀਦ ਹੋਏ ਸ਼ੋਏਬ ਅਖਤਰ, ਦਿੱਤਾ ਇਹ ਵੱਡਾ ਬਿਆਨ

11/18/2019 11:34:22 AM

ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਆਪਣੀ ਸ਼ਾਨਦਾਰ ਖੇਡ ਕਾਰਨ ਅਜੇ ਤਕ ਕਈ ਵੱਡੇ ਰਿਕਾਰਡ ਤੋੜ ਚੁੱਕੇ ਹਨ। ਵਨ-ਡੇ ਕ੍ਰਿਕਟ ਦੇ ਨੰਬਰ ਇਕ ਬੱਲੇਬਾਜ਼ ਕੋਹਲੀ ਦਾ ਡਰ ਦੁਨੀਆ ਦੇ ਹਰ ਗੇਂਦਬਾਜ਼ ਦੇ ਮਨ 'ਚ ਹੈ, ਕ੍ਰੀਜ਼ 'ਤੇ ਆਉਂਦੇ ਹੀ ਅੱਗ ਵਰ੍ਹਾਉਂਦੇ ਕੋਹਲੀ ਦੇ ਬੱਲੇ ਨੂੰ ਰੋਕਣਾ ਅਕਸਰ ਵੀ ਵਿਰੋਧੀ ਟੀਮਾਂ ਲਈ ਮੁਸ਼ਕਲ ਬਣ ਜਾਂਦਾ ਹੈ। ਉਨ੍ਹਾਂ ਨੇ ਦੁਨੀਆ ਦੇ ਬਿਹਤਰੀਨ ਗੇਂਦਬਾਜ਼ਾਂ ਦਾ ਰੱਜ ਕੇ ਕੁੱਟਪਾ ਚਾੜਿਆ ਹੈ। ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਵਿਰਾਟ ਕੋਹਲੀ ਨੂੰ ਮੌਜੂਦਾ ਦੌਰ ਦਾ ਸਭ ਤੋਂ ਖਤਰਨਾਕ ਬੱਲੇਬਾਜ਼ ਮੰਨਦੇ ਹਨ।

ਸ਼ੋਏਬ ਅਖਤਰ ਨੇ ਦੱਸਿਆ ਕੋਹਲੀ ਨੂੰ ਖਤਰਨਾਕ ਬੱਲੇਬਾਜ਼
ਸ਼ੋਏਬ ਅਖਤਰ ਨੇ ਆਪਣੇ ਟਵਿੱਟਰ ਹੈਂਡਲ 'ਤੇ 15 ਮਿੰਟ ਦਾ ਸਵਾਲ ਜਵਾਬ ਦਾ ਸੈਸ਼ਨ ਰਖਿਆ ਸੀ ਜਿਸ 'ਚ ਉਨ੍ਹਾਂ ਨੇ ਫੈਂਸ ਦੇ ਸਵਾਲਾਂ ਦਾ ਜਵਾਬ ਦਿੱਤਾ। ਉਨ੍ਹਾਂ ਤੋਂ ਪ੍ਰਿਥਵੀ ਕੋਠਾਰੀ ਨਾਂ ਦੇ ਭਾਰਤੀ ਫੈਨ ਨੇ ਸਵਾਲ ਕੀਤਾ ਕਿ ਅੱਜ ਦੇ ਸਮੇਂ 'ਚ ਕਿਸ ਬੱਲੇਬਾਜ਼ ਨੂੰ ਆਊਟ ਕਰਨਾ ਸਭ ਤੋਂ ਮੁਸ਼ਕਲ ਹੈ। ਸ਼ੋਏਬ ਨੇ ਇਸ ਟਵੀਟ ਦਾ ਜਵਾਬ ਦਿੰਦੇ ਹੋਏ ਲਿਖਿਆ ਕਿ ਉਹ ਵਿਰਾਟ ਕੋਹਲੀ ਹੈ ਜਿਸ ਨੂੰ ਭਾਰਤੀ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ। ਸ਼ੋਏਬ ਪਹਿਲਾਂ ਵੀ ਕਈ ਵਾਰ ਭਾਰਤੀ ਕਪਤਾਨ ਕੋਹਲੀ ਦੀ ਤਾਰੀਫ ਕਰ ਚੁੱਕੇ ਹਨ। ਪਿਛਲੇ ਮਹੀਨੇ ਉਨ੍ਹਾਂ ਨੇ ਵਿਰਾਟ ਕੋਹਲੀ ਨੂੰ ਗੇਂਦਬਾਜ਼ਾਂ ਦਾ ਕਪਤਾਨ ਕਿਹਾ ਸੀ ਅਤੇ ਦੱਸਿਆ ਸੀ ਕਿ ਭਾਰਤੀ ਗੇਂਦਬਾਜ਼ਾਂ ਲਈ ਇਹ ਚੰਗੀ ਗੱਲ ਹੈ ਕਿ ਉਨ੍ਹਾਂ ਨੂੰ ਅਜਿਹਾ ਕਪਤਾਨ ਮਿਲਿਆ ਹੈ।

ਵਿਰਾਟ ਕੋਹਲੀ ਦੇ ਰਿਕਾਰਡ ਬਣਾਉਂਦੇ ਹਨ ਉਨ੍ਹਾਂ ਨੂੰ ਨੰਬਰ ਇਕ
ਵਿਰਾਟ ਕੋਹਲੀ ਵਨ-ਡੇ ਰੈਂਕਿੰਗ 'ਚ ਨੰਬਰ ਇਕ, ਟੈਸਟ 'ਚ ਨੰਬਰ 2 ਅਤੇ ਟੀ-20 'ਚ 15ਵੇਂ ਨੰਬਰ 'ਤੇ ਹਨ। ਸਾਲ 2008 'ਚ ਟੀਮ ਇੰਡੀਆ 'ਚ ਡੈਬਿਊ ਕਰਨ ਵਾਲੇ ਵਿਰਾਟ ਕੋਹਲੀ ਨੇ 11 ਸਾਲ ਦੇ ਕਰੀਅਰ 'ਚ 11 ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਉਹ ਅਜੇ ਤਕ 69 ਸੈਂਕੜੇ ਜੜ ਚੁੱਕੇ ਹਨ ਅਤੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਨ ਦੇ ਕਰੀਬ ਹਨ। ਸਚਿਨ ਤੇਂਦੁਲਕਰ ਨੇ ਵਨ-ਡੇ ਕ੍ਰਿਕਟ 'ਚ 49 ਸੈਂਕੜੇ ਜੜੇ ਹਨ। ਜਦਕਿ ਵਿਰਾਟ ਕੋਹਲੀ ਅਜੇ ਤਕ 43 ਸੈਂਕੜੇ ਜੜ ਚੁੱਕੇ ਹਨ। ਟੈਸਟ 'ਚ ਕੋਹਲੀ ਨੇ ਅਜੇ ਤਕ 7 ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ ਅਤੇ 26 ਸੈਂਕੜੇ ਵੀ ਜੜੇ ਹਨ।ਬਤੌਰ ਕਪਤਾਨ ਵੀ ਕੋਹਲੀ ਸਭ ਤੋਂ ਸਫਲ ਕਪਤਾਨ ਬਣ ਚੁੱਕੇ ਹਨ। ਉਨ੍ਹਾਂ ਦੀ ਕਪਤਾਨੀ 'ਚ ਭਾਰਤ ਨੇ ਅਜੇ ਤਕ 52 ਟੈਸਟ ਮੈਚ ਖੇਡੇ ਹਨ ਜਿਸ 'ਚੋਂ 32 ਮੈਚਾਂ 'ਚ ਜਿੱਤ ਦਰਜ ਕੀਤੀ ਹੈ। ਬੰਗਲਾਦੇਸ਼ ਖਿਲਾਫ ਭਾਰਤ ਨੇ ਇੰਦੌਰ ਟੈਸਟ 'ਚ ਪਾਰੀ ਤੇ 130 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਕੋਹਲੀ ਦੀ ਕਪਤਾਨੀ 'ਚ ਭਾਰਤ ਨੇ ਦਸਵੀਂ ਵਾਰ ਪਾਰੀ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਮਹਿੰਦਰ ਸਿੰਘ ਧੋਨੀ ਦੀ ਕਪਤਾਨੀ 'ਚ ਭਾਰਤ ਨੇ 9 ਮੈਚ ਪਾਰੀ ਦੇ ਫਰਕ ਨਾਲ ਜਿੱਤੇ ਸਨ।

Tarsem Singh

This news is Content Editor Tarsem Singh