ਗਾਵਸਕਰ, ਗਾਂਗੁਲੀ ਤੇ ਧੋਨੀ ਤੋਂ ਬਾਅਦ ਕੋਹਲੀ ਦੇ ਨਾਂ ਦਰਜ ਹੋਇਆ ਇਹ ਸ਼ਰਮਨਾਕ ਰਿਕਾਰਡ

07/08/2017 6:38:28 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਜਗਤ ਦੇ ਸਾਬਕਾ ਤਿੰਨ ਕਪਤਾਨਾਂ ਦੇ ਬਾਅਦ ਹੁਣ ਇਸ ਸ਼ਰਮਨਾਕ ਰਿਕਾਰਡ ਵਿਚ ਕਪਤਾਨ ਵਿਰਾਟ ਕੋਹਲੀ ਦਾ ਨਾਂ ਵੀ ਜੁੜ ਗਿਆ ਹੈ। ਵੀਰਵਾਰ ਨੂੰ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਚਲੇ ਪੰਜ ਰੋਜ਼ਾ ਵਨਡੇ ਮੈਚ ਦਾ ਆਖਰੀ ਦਿਨ ਸੀ। ਵੈਸਟਇੰਡੀਜ਼ ਨੇ ਭਾਰਤ ਦੇ ਸਾਹਮਣੇ 50 ਓਵਰਾਂ ਵਿਚ ਕੁੱਲ 206 ਦੌੜਾਂ ਦਾ ਟੀਚਾ ਰੱਖਿਆ ਸੀ ਜਿਸ ਨੂੰ ਭਾਰਤ ਨੇ ਦੋ ਵਿਕਟਾਂ ਗੁਆ ਕੇ ਮੈਚ ਆਪਣੇ ਨਾਂ ਕਰ ਲਿਆ। ਵਿਰਾਟ ਕੋਹਲੀ ਨੇ ਸੀਰੀਜ਼ ਤਾਂ ਆਪਣੇ ਨਾਂ ਕਰ ਲਈ ਪਰ ਇਸ ਸੀਰੀਜ਼ ਦੇ ਸਾਰੇ ਮੈਚਾਂ ਤੋਂ ਪਹਿਲਾਂ ਹੋਏ ਟਾਸ 'ਚ ਹਰ ਵਾਰ ਕੋਹਲੀ ਨੂੰ ਕਰਾਰੀ ਹਾਰ ਮਿਲੀ। ਇਸ ਦੇ ਨਾਲ ਹੀ ਕੋਹਲੀ ਉਨ੍ਹਾਂ ਭਾਰਤੀ ਕਪਤਾਨਾਂ ਦੀ ਸੂਚੀ 'ਚ ਆ ਗਏ ਹਨ ਜਿਨ੍ਹਾਂ ਨੂੰ ਵਨਡੇ ਸੀਰੀਜ਼ ਦੇ ਦੌਰਾਨ ਹਰ ਮੈਚ ਦੇ ਟਾਸ 'ਚ ਹਾਰ ਮਿਲੀ ਹੈ। 

ਵਿਰਾਟ ਤੋਂ ਪਹਿਲਾਂ ਇਹ ਸ਼ਰਮਨਾਕ ਰਿਕਾਰਡ ਸੁਨੀਲ ਗਾਵਸਕਰ, ਸੌਰਵ ਗਾਂਗੁਲੀ ਅਤੇ ਮਹਿੰਦਰ ਸਿੰਘ ਧੋਨੀ ਦੇ ਨਾਂ ਹੈ। ਇਨ੍ਹਾਂ ਤਿੰਨਾਂ ਭਾਰਤੀ ਕਪਤਾਨਾਂ ਨੇ ਵੀ ਪੰਜ ਰੋਜ਼ਾ ਸੀਰੀਜ਼ ਦੇ ਹਰੇਕ ਮੈਚ ਦੇ ਟਾਸ ਵਿਚ ਸਾਹਮਣੇ ਵਾਲੀ ਟੀਮ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। 2011 'ਚ ਇੰਗਲੈਂਡ ਅਤੇ ਭਾਰਤ ਵਿਚਾਲੇ ਵਨਡੇ ਸੀਰੀਜ਼ ਖੇਡੀ ਗਈ ਸੀ ਜਿਸ 'ਚ ਸਾਰਿਆਂ ਮੈਚਾਂ ਦੇ ਟਾਸ 'ਚ ਧੋਨੀ ਨੂੰ ਹਾਰ ਮਿਲੀ ਸੀ। ਇਸੇ ਤਰ੍ਹਾਂ 2006 'ਚ ਵੀ ਪੰਜ ਮੈਚਾਂ ਦੀ ਸੀਰੀਜ਼ 'ਚ ਭਾਰਤ ਸਾਰੇ ਟਾਸ ਹਾਰਿਆ ਸੀ। ਸੌਰਵ ਗਾਂਗੁਲੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਕਪਤਾਨੀ 'ਚ 2003/04 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਨਡੇ ਸੀਰੀਜ਼ ਖੇਡੀ ਸੀ। ਇਸ ਸੀਰੀਜ਼ ਦੇ ਸਾਰੇ ਮੈਚਾਂ 'ਚ ਸੌਰਵ ਗਾਂਗੁਲੀ ਨੇ ਵੀ ਟਾਸ 'ਚ ਪਾਕਿਸਤਾਨ ਤੋਂ ਹਾਰ ਪ੍ਰਾਪਤ ਕੀਤੀ ਸੀ। ਹੁਣ ਗੱਲ ਕਰਦੇ ਹਾਂ ਸਭ ਤੋਂ ਸੀਨੀਅਰ ਖਿਡਾਰੀ ਅਤੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਦੀ, ਗਾਵਸਕਰ ਦੀ ਕਪਤਾਨੀ ਦੇ ਦੌਰਾਨ ਭਾਰਤ ਦਾ ਸਾਹਮਣਾ ਆਸਟਰੇਲੀਆ ਦੇ ਨਾਲ ਸੀ। ਇਸ ਪੰਜ ਮੈਚਾਂ ਦੀ ਸੀਰੀਜ਼ 'ਚ ਗਾਵਸਕਰ ਨੂੰ ਵੀ ਟਾਸ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 

ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਭਾਰਤ ਅਤੇ ਵੈਸਟਇੰਡੀਜ਼ ਦੀਆਂ ਟੀਮਾਂ ਵਿਚਾਲੇ ਖੇਡੀ ਗਈ ਵਨਡੇ ਸੀਰੀਜ਼ ਦੇ ਆਖਰੀ ਮੈਚ 'ਚ ਭਾਰਤ ਨੇ ਜਿੱਤ ਹਾਸਲ ਕਰਕੇ ਸੀਰੀਜ਼ ਆਪਣੇ ਨਾਂ ਕੀਤੀ। ਫਾਈਨਲ ਮੈਚ ਦੀ ਜਿੱਤ ਦੇ ਹੀਰੋ ਵਿਰਾਟ ਕੋਹਲੀ, ਅਜਿੰਕਯ ਰਹਾਣੇ, ਦਿਨੇਸ਼ ਕਾਰਤਿਕ ਅਤੇ ਮੁਹੰਮਦ ਸ਼ੰਮੀ ਰਹੇ। ਜਿੱਥੇ ਵਿਰਾਟ ਕੋਹਲੀ ਨੇ ਅਜੇਤੂ 111 ਦੌੜਾਂ ਦੀ ਪਾਰੀ ਖੇਡੀ ਉੱਥੇ ਹੀ ਦਿਨੇਸ਼ ਕਾਰਤਿਕ ਨੇ ਵੀ ਅਜੇਤੂ 50 ਦੌੜਾਂ ਬਣਾਈਆਂ। ਅਜਿੰਕਯ ਰਹਾਨੇ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਇਸ ਸੀਰੀਜ਼ ਦੇ ਹਰ ਮੈਚ 'ਚ ਆਪਣਾ ਅਰਧ ਸੈਂਕੜਾ ਲਗਾਇਆ ਹੈ। ਜਦਕਿ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਸ਼ੰਮੀ ਨੇ ਆਪਣਾ ਬਿਹਤਰੀਨ ਪ੍ਰਦਰਸ਼ਨ ਦਿਖਾਉਂਦੇ ਹੋਏ ਵੈਸਟਇੰਡੀਜ਼ ਟੀਮ ਦੇ ਚਾਰ ਵਿਕਟ ਝਟਕਾਏ।