IND vs AUS, ODI Series : ਵਿਰਾਟ ਦੀ ਬੱਲੇਬਾਜ਼ੀ ਦੇ ਮੁਰੀਦ ਹੋਏ ਅਜ਼ਹਰ

01/16/2019 4:02:29 PM

ਨਵੀਂ ਦਿੱਲੀ— ਟੀਮ ਇੰਡੀਆ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਵਿਰਾਟ ਕੋਹਲੀ ਨੂੰ ਲੈ ਕੇ ਅਹਿਮ ਗੱਲ ਕਹੀ ਹੈ। ਆਸਟਰੇਲੀਆ ਖਿਲਾਫ ਐਡੀਲੇਡ 'ਚ ਦੂਜੇ ਵਨ ਡੇ 'ਚ ਵਿਰਾਟ ਨੇ ਕਰੀਅਰ ਦਾ 39ਵਾਂ ਵਨ ਡੇ ਸੈਂਕੜਾ ਠੋਕਿਆ ਜਿਸ ਤੋਂ ਬਾਅਦ ਅਜ਼ਹਰ ਨੇ ਕਿਹਾ ਕਿ ਟੀਮ ਇੰਡੀਆ ਦੇ ਕਪਤਾਨ ਜੇਕਰ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਹੀ ਫਿੱਟ ਰਹੇ ਤਾਂ ਉਹ 100 ਕੌਮਾਂਤਰੀ ਸੈਂਕੜੇ ਠੋਕ ਦੇਣਗੇ। 100 ਕੌਮਾਂਤਰੀ ਸੈਂਕੜੇ ਅੱਜ ਤਕ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਇਲਾਵਾ ਦੁਨੀਆ ਦਾ ਕੋਈ ਬੱਲੇਬਾਜ਼ ਨਹੀਂ ਠੋਕ ਸਕਿਆ ਹੈ। ਵਿਰਾਟ ਦੇ ਖਾਤੇ 'ਚ ਫਿਲਹਾਲ 39 ਵਨ ਡੇ ਅਤੇ 25 ਟੈਸਟ ਸੈਂਕੜੇ ਦਰਜ ਹਨ। 

ਅਜ਼ਹਰ ਮੁਤਾਬਕ, ''ਵਿਰਾਟ ਦੀ ਨਿਰੰਤਰਤਾ ਬਹੁਤ ਚੰਗੀ ਹੈ। ਜੇਕਰ ਉਹ ਫਿੱਟ ਰਹਿੰਦੇ ਹਨ ਤਾਂ 100 ਸੈਂਕੜੇ ਤਕ ਪਹੁੰਚ ਜਾਣਗੇ। ਨਿਰੰਤਰਤਾ ਦੀ ਗੱਲ ਕਰੀਏ ਤਾਂ ਉਹ ਦੁਨੀਆ ਦੇ ਕਈ ਕ੍ਰਿਕਟਰਾਂ ਤੋਂ ਅੱਗੇ ਹਨ। ਉਹ ਸ਼ਾਨਦਾਰ ਖਿਡਾਰੀ ਹਨ ਅਤੇ ਅਜਿਹਾ ਘੱਟ ਹੀ ਹੁੰਦਾ ਹੈ ਕਿ ਉਨ੍ਹਾਂ ਦੇ ਸੈਂਕੜੇ ਦੇ ਬਾਅਦ ਟੀਮ ਇੰਡੀਆ ਹਾਰੇ। ਇਸ ਤੋਂ ਇਲਾਵਾ ਉਨ੍ਹਾਂ ਨੇ ਮਹਿੰਦਰ ਸਿੰਘ ਧੋਨੀ ਅਤੇ ਦਿਨੇਸ਼ ਕਾਰਤਿਕ ਦੀ ਵੀ ਰੱਜ ਕੇ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ, ''ਜੇਕਰ ਤੁਸੀਂ ਟਰੈਂਡ ਦੇਖੋਗੇ ਤਾਂ ਸਮਝ 'ਚ ਆ ਜਾਵੇਗਾ ਕਿ ਜਦੋਂ ਵੀ ਭਾਰਤ ਦੇ ਸ਼ੁਰੂਆਤ ਦੇ ਤਿੰਨ ਬੱਲੇਬਾਜ਼ ਦੌੜਾਂ ਬਣਾਉਂਦੇ ਹਨ, ਭਾਰਤ ਮੈਚ ਜਿੱਤ ਜਾਂਦਾ ਹੈ। ਪਿਛਲੇ ਮੈਚ 'ਚ ਸਾਡੀ ਬਦਕਿਸਮਤੀ ਸੀ ਕਿ ਅਸੀਂ ਤਿੰਨ ਵਿਕਟ ਛੇਤੀ ਗੁਆ ਦਿੱਤੇ ਸਨ। ਰੋਹਿਤ ਸ਼ਰਮਾ ਨੇ ਸੈਂਕੜਾ ਲਾਇਆ ਪਰ ਅਸੀਂ ਫਿਰ ਵੀ ਮੈਚ ਹਾਰ ਗਏ। ਪਰ ਇਸ ਮੈਚ 'ਚ ਵਿਰਾਟ ਕੋਹਲੀ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਮਹਿੰਦਰ ਸਿੰਘ ਧੋਨੀ ਨੇ ਵੀ। ਧੋਨੀ ਪਾਰੀ ਦੇ ਅੰਤ ਤਕ ਥਕ ਗਏ ਸਨ ਪਰ ਵਿਕਟ 'ਤੇ ਬਣੇ ਰਹੇ। ਦਿਨੇਸ਼ ਕਾਰਤਿਕ ਨੇ ਵੀ ਚੰਗੀ ਬੱਲੇਬਾਜ਼ੀ ਕੀਤੀ ਸੀ।

ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਅਤੇ 50 ਓਵਰਾਂ 'ਚ 9 ਵਿਕਟਾਂ 'ਤੇ 298 ਦੌੜਾਂ ਬਣਾਈਆਂ। ਜਵਾਬ 'ਚ ਭਾਰਤ ਨੇ ਚਾਰ ਗੇਂਦ ਬਾਕੀ ਰਹਿੰਦੇ ਹੀ ਮੈਚ ਆਪਣੇ ਨਾਂ ਕਰ ਲਿਆ। ਵਿਰਾਟ ਨੇ 104 ਅਤੇ ਮਹਿੰਦਰ ਸਿੰਘ ਧੋਨੀ ਨੇ ਅਜੇਤੂ 55 ਦੌੜਾਂ ਦੀ ਪਾਰੀ ਖੇਡੀ। ਸੀਰੀਜ਼ ਦਾ ਆਖ਼ਰੀ ਵਨ ਡੇ ਮੈਚ 18 ਜਨਵਰੀ ਨੂੰ ਮੈਲਬੋਰਨ 'ਚ ਖੇਡਿਆ ਜਾਣਾ ਹੈ।

Tarsem Singh

This news is Content Editor Tarsem Singh