ਕੋਹਲੀ ਦਾ ਕਮਾਲ, ਦੱ. ਅਫਰੀਕਾ ਖਿਲਾਫ ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਕਪਤਾਨ

10/13/2019 2:37:27 PM

ਸਪੋਰਟਸ ਡੈਸਕ— ਪੁਣੇ ਦੇ ਐੱਮ. ਸੀ. ਏ. ਸਟੇਡੀਅਮ 'ਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ 'ਚ ਭਾਰਤੀ ਟੀਮ ਨੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਭਾਰਤੀ ਬੱਲੇਬਾਜ਼ੀ ਦੇ ਬਾਅਦ ਮੈਚ ਦੇ ਤੀਜੇ ਦਿਨ ਸ਼ਨੀਵਾਰ ਨੂੰ ਗੇਂਦਬਾਜ਼ਾਂ ਨੇ ਵੀ ਜ਼ੋਰਦਾਰ ਖੇਡ ਦਿਖਾਉਂਦੇ ਹੋਏ ਦੱਖਣੀ ਅਫਰੀਕਾ ਨੂੰ ਸਿਰਫ 275 ਦੌੜਾਂ 'ਤੇ ਢੇਰ ਕਰ ਦਿੱਤਾ। ਇਸ ਤਰ੍ਹਾਂ ਪਹਿਲੀ ਪਾਰੀ ਦੇ ਆਧਾਰ 'ਤੇ ਭਾਰਤੀ ਟੀਮ ਦੇ ਕੋਲ ਹੁਣ 326 ਦੌੜਾਂ ਦੀ ਬੜ੍ਹਤ ਹੋ ਚੁੱਕੀ ਹੈ। ਅਜਿਹੇ 'ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਨੂੰ ਫਾਲੋਆਨ ਦੇ ਕੇ ਇਤਿਹਾਸ ਰਚ ਦਿੱਤਾ ਹੈ।

ਦਰਅਸਲ, ਦੂਜੀ ਪਾਰੀ 'ਚ ਸਾਊਥ ਅਫਰੀਕਾ ਨੇ 77 ਦੌੜਾਂ 'ਤੇ 4 ਵਿਕਟਾਂ ਗੁਆ ਦਿੱਤੀਆਂ ਸਨ। ਜਦਕਿ ਕਪਤਾਨ ਕੋਹਲੀ ਦੱਖਣ ਅਫਰੀਕਾ ਨੂੰ ਟੈਸਟ ਇਤਿਹਾਸ 'ਚ ਫਾਲੋਆਨ ਦੇਣ ਵਾਲੇ ਪਹਿਲੇ ਭਾਰਤੀ ਕਪਤਾਨ ਬਣ ਗਏ ਹਨ। ਭਾਰਤ ਵੱਲੋਂ ਸਭ ਤੋਂ ਜ਼ਿਆਦਾ ਟੈਸਟ ਮੈਚ ਜਿੱਤਣ ਵਾਲੇ ਕਪਤਾਨਾਂ 'ਚ ਸ਼ੁਮਾਰ ਮੁਹੰਮਦ ਅਜ਼ਹਰੂਦੀਨ, ਸੌਰਵ ਗਾਂਗੁਲੀ ਅਤੇ ਮਹਿੰਦਰ ਸਿੰਘ ਧੋਨੀ ਵੀ ਇਹ ਕਾਰਨਾਮਾ ਨਹੀਂ ਕਰ ਸਕੇ ਹਨ। ਜ਼ਿਕਰਯੋਗ ਹੈ ਕਿ ਦੱਖਣੀ ਅਫਰੀਕਾ ਖਿਲਾਫ ਭਾਰਤ ਨੇ ਸਿਰਫ ਇਕ ਵਾਰ ਪਾਰੀ ਨਾਲ ਜਿੱਤ ਹਾਸਲ ਕੀਤੀ ਸੀ। ਮਹਿੰਦਰ ਸਿੰਘ ਧੋਨੀ ਦੀ ਕਪਤਾਨੀ 'ਚ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਖਿਲਾਫ ਪਾਰੀ ਅਤੇ 57 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ, ਪਰ ਉਨ੍ਹਾਂ ਨੂੰ ਫਾਲੋਆਨ ਦੇਣ ਦਾ ਮੌਕਾ ਨਹੀਂ ਮਿਲ ਸਕਿਆ ਸੀ।

Tarsem Singh

This news is Content Editor Tarsem Singh