ਕੋਹਲੀ ਦਹਾਕੇ ਦੇ 5 ਸਰਵਸ੍ਰੇਸ਼ਠ ਵਿਜ਼ਡਨ ਕ੍ਰਿਕਟਰਾਂ 'ਚ

12/27/2019 10:57:06 AM

ਸਪੋਰਟਸ ਡੈਸਕ— ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਵਿਜ਼ਡਨ ਕ੍ਰਿਕਟ ਅਲਮਾਨੌਕ ਨੇ 4 ਹੋਰਨਾਂ ਦੇ ਨਾਲ ਦਹਾਕੇ ਦੇ 5 ਸਰਵਸ੍ਰੇਸ਼ਠ ਕ੍ਰਿਕਟਰਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ। ਕੋਹਲੀ ਤੋਂ ਇਲਾਵਾ ਦੱਖਣੀ ਅਫਰੀਕਾ ਦਾ  ਡੇਲ ਸਟੇਨ ਤੇ ਏ. ਬੀ. ਡਿਵਿਲੀਅਰਸ, ਆਸਟਰੇਲੀਆ ਦਾ ਸਟੀਵ ਸਮਿਥ ਤੇ ਮਹਿਲਾ ਕ੍ਰਿਕਟ ਦੀ ਧਾਕੜ ਆਲਰਾਊਂਡਰ ਐਲਿਸ ਪੈਰੀ ਵੀ ਇਸ ਸੂਚੀ ਵਿਚ ਸ਼ਾਮਲ ਹੈ।
ਕੋਹਲੀ ਨੇ ਪਿਛਲੇ 10 ਸਾਲਾਂ ਵਿਚ ਕਿਸੇ ਵੀ ਹੋਰ ਬੱਲੇਬਾਜ਼ ਦੀ ਤੁਲਨਾ ਵਿਚ 5775 ਵੱਧ ਦੌੜਾਂ ਬਣਾਈਆਂ ਤੇ ਉਹ ਇਸ ਦਹਾਕੇ ਦਾ ਸਰਵਸ੍ਰੇਸ਼ਠ ਬੱਲੇਬਾਜ਼ ਰਿਹਾ। ਇਸ 31 ਸਾਲਾ ਬੱਲੇਬਾਜ਼ ਨੂੰ ਦਹਾਕੇ ਦੀ ਵਿਜ਼ਡਨ ਟੈਸਟ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ, ਜਦਕਿ ਉਹ ਵਨ ਡੇ ਟੀਮ ਵਿਚ ਸ਼ਾਮਲ ਹੈ। ਵਿਜ਼ਡਨ ਨੇ ਲਿਖਿਆ ਹੈ, ''ਉਹ ਪ੍ਰਤਿਭਾਸ਼ਾਲੀ ਹੈ।  ਇੰਗਲੈਂਡ ਦੇ 2014 ਦੇ ਦੌਰੇ ਦੇ ਆਖਿਰ ਤੋਂ ਲੈ ਕੇ ਬੰਗਲਾਦੇਸ਼ ਵਿਰੁੱਧ ਨਵੰਬਰ ਵਿਚ ਕੋਲਕਾਤਾ ਟੈਸਟ ਉਦੋਂ ਉਸ ਨੇ 63 ਦੀ ਔਸਤ ਨਾਲ ਦੌੜਾਂ ਬਣਾਈਆਂ, ਜਿਸ ਵਿਚ 21 ਸੈਂਕੜੇ ਤੇ 13 ਅਰਧ ਸੈਂਕੜੇ ਸ਼ਾਮਲ ਹਨ।ਇਸ ਵਿਚ ਲਿਖਿਆ ਗਿਆ ਹੈ, ''ਉਹ ਤਿੰਨੇ ਕੌਮਾਂਤਰੀ ਸਵਰੂਪਾਂ ਵਿਚ ਘੱਟ ਤੋਂ ਘੱਟ 50 ਦੀ ਔਸਤ ਨਾਲ ਦੌੜਾਂ ਬਣਾਉਣ ਵਾਲਾ ਇਕੱਲਾ ਬੱਲੇਬਾਜ਼ ਹੈ। ਇੱਥੋਂ ਤਕ ਕਿ ਹਾਲ ਹੀ ਵਿਚ ਸਟੀਵ ਸਮਿਥ ਨੇ ਵੀ ਟਿੱਪਣੀ ਕੀਤੀ ਸੀ ਕਿ ਉਸਦੇ ਵਰਗਾ ਕੋਈ ਨਹੀਂ ਹੈ।'' ਵਿਜ਼ਡਨ ਅਨੁਸਾਰ, ''ਸਚਿਨ ਤੇਂਦੁਲਕਰ ਦੇ ਸੰਨਿਆਸ ਲੈਣ ਤੇ ਮਹਿੰਦਰ ਸਿੰਘ ਧੋਨੀ ਦੇ ਕਰੀਅਰ ਦੇ ਆਖਰੀ ਪੜਾਅ ਵੱਲ ਵਧਣ ਤੋਂ ਬਾਅਦ ਵਿਸ਼ਵ ਵਿਚ ਕੋਈ ਵੀ ਹੋਰ ਕ੍ਰਿਕਟਰ ਅਜਿਹਾ ਨਹੀਂ ਹੈ, ਜਿਹੜਾ ਹਰ ਦਿਨ ਕੋਹਲੀ ਵਰਗੇ ਦਬਾਅ ਵਿਚ ਖੇਡਦਾ ਹੋਵੇ।''