ਸਭ ਤੋਂ ਸਫਲ ਭਾਰਤੀ ਟੈਸਟ ਕਪਤਾਨਾਂ 'ਚੋਂ ਇਕ ਵਿਰਾਟ ਕੋਹਲੀ ਦੇ ਉਹ ਵੱਡੇ ਰਿਕਾਰਡ ਜਿਨ੍ਹਾਂ ਦਾ ਟੁੱਟਣਾ ਹੈ ਮੁਸ਼ਕਲ

01/16/2022 12:24:03 PM

ਸਪੋਰਟਸ ਡੈਸਕ- ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨੇ ਟੀ-20, ਵਨ-ਡੇ ਦੇ ਬਾਅਦ ਹੁਣ ਟੈਸਟ ਟੀਮ ਦੀ ਕਪਤਾਨੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ। ਵਿਰਾਟ ਕੋਹਲੀ ਦਾ ਇਹ ਫ਼ੈਸਲਾ ਦੱਖਣੀ ਅਫ਼ਰੀਕਾ 'ਚ ਟੀਮ ਇੰਡੀਆ ਵਲੋਂ ਸੀਰੀਜ਼ 1-2 ਨਾਲ ਗੁਆਉਣ ਦੇ ਬਾਅਦ ਆਇਆ ਹੈ। ਵਿਰਾਟ ਭਾਰਤ ਦੇ ਸਭ ਤੋਂ ਸਫਲ ਟੈਸਟ ਕਪਤਾਨਾਂ 'ਚੋਂ ਇਕ ਹਨ। ਭਾਰਤ ਲਈ ਬਤੌਰ ਟੈਸਟ ਕਪਤਾਨ ਉਨ੍ਹਾਂ ਦੇ ਨਾਂ ਕਈ ਵੱਡੇ ਰਿਕਾਰਡ ਹਨ ਜੋ ਕਿ ਟੁੱਟਣੇ ਕਾਫ਼ੀ ਮੁਸ਼ਕਲ ਹਨ। ਆਓ ਜਾਣਦੇ ਹਾਂ-

* ਕੋਹਲੀ ਦੇ ਨਾਂ ਭਾਰਤ ਲਈ ਕਪਤਾਨ ਦੇ ਤੌਰ 'ਤੇ ਸਭ ਤੋਂ ਵੱਧ ਟੈਸਟ ਮੈਚ ਖੇਡਣ ਦਾ ਰਿਕਾਰਡ ਹੈ। ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਦੇ ਖ਼ਿਲਾਫ਼ ਵਰਲ਼ਡ ਟੈਸਟ ਚੈਂਪੀਅਨਸ਼ਿਪ ਫਾਈਨਲ 'ਚ ਬਤੌਰ ਕਪਤਾਨ ਆਪਣਾ 61ਵਾਂ ਟੈਸਟ ਮੈਚ ਖੇਡਿਆ। ਉਨ੍ਹਾਂ ਨੇ ਭਾਰਤ ਦੇ ਕਪਤਾਨ ਦੇ ਰੂਪ 'ਚ ਐੱਮ. ਐੱਸ. ਧੋਨੀ ਦੇ 60 ਟੈਸਟ ਦੇ ਟੈਲੀ ਨੂੰ ਪਿੱਛੇ ਛੱਡਿਆ।

ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੇ ਛੱਡੀ ਟੈਸਟ ਟੀਮ ਦੀ ਕਪਤਾਨੀ, ਦੱਖਣੀ ਅਫ਼ਰੀਕਾ 'ਚ ਹਾਰ ਦੇ ਬਾਅਦ ਲਿਆ ਵੱਡਾ ਫ਼ੈਸਲਾ

* ਟੈਸਟ ਮੈਚਾਂ 'ਚ 40 ਜਿੱਤ ਦੇ ਨਾਲ ਕੋਹਲੀ ਸਭ ਤੋਂ ਸਫਲ ਭਾਰਤੀ ਟੈਸਟ ਕਪਤਾਨ ਹਨ। ਉਨ੍ਹਾਂ ਨੇ ਟੈਸਟ ਕ੍ਰਿਕਟ 'ਚ ਭਾਰਤ ਦੇ ਕੁਝ ਸਭ ਤੋਂ ਸਫਲ ਕਪਤਾਨਾਂ ਨੂੰ ਬੇਹੱਦ ਆਸਾਨੀ ਨਾਲ ਪਿੱਛੇ ਛੱਡ ਦਿੱਤਾ ਹੈ। ਉਨ੍ਹਾਂ ਦੇ ਬਾਅਦ ਐੱਮ. ਐੱਸ. ਧੋਨੀ ਕਪਤਾਨ ਦੇ ਰੂਪ 'ਚ 27 ਜਿੱਤ ਦੇ ਨਾਲ ਹਨ।

* ਵਿਰਾਟ ਕੋਹਲੀ ਕੋਲ ਹੁਣ ਭਾਰਤ ਦੇ ਲਈ ਘਰ 'ਤੇ ਸਭ ਤੋਂ ਜ਼ਿਆਦਾ ਟੈਸਟ ਜਿੱਤ ਹਨ। ਨਿਊਜ਼ੀਲੈਂਡ ਦੇ ਖ਼ਿਲਾਫ਼ ਮੁੰਬਈ ਟੈਸਟ 'ਚ ਭਾਰਤ ਦੀ ਜਿੱਤ ਕੋਹਲੀ ਦੀ ਘਰ 'ਚ 24ਵੀਂ ਟੈਸਟ ਜਿੱਤ ਸੀ। ਕੋਹਲੀ ਨੇ ਭਾਰਤ ਦੇ ਕਪਤਾਨ ਦੇ ਤੌਰ 'ਤੇ ਧੋਨੀ ਦੀ 21 ਟੈਸਟ ਜਿੱਤ ਦੀ ਗਿਣਤੀ ਨੂੰ ਪਿੱਛੇ ਛੱਡ ਦਿੱਤਾ।

* ਕੋਹਲੀ ਦੇ ਕਪਤਾਨ ਦੇ ਤੌਰ 'ਤੇ ਭਾਰਤ ਲਈ ਸਭ ਤੋਂ ਜ਼ਿਆਦਾ 20 ਟੈਸਟ ਸੈਂਕੜੇ ਹਨ। ਹਾਲਾਂਕਿ ਓਵਰਆਲ ਰਿਕਾਰਡ 'ਚ ਉਹ ਅਜੇ ਵੀ ਸਾਊਥ ਅਫਰੀਕਾ ਦੇ ਗ੍ਰੀਮ ਸਮਿਥ (25) ਤੋਂ ਅੱਗੇ ਹਨ। ਵਿਰਾਟ ਦਾ ਆਖ਼ਰੀ ਟੈਸਟ ਸੈਂਕੜਾ 2019 'ਚ ਭਾਰਤ ਦੇ ਪਹਿਲੇ ਪਿੰਕ ਬਾਲ ਟੈਸਟ 'ਚ ਬੰਗਲਾਦੇਸ਼ ਦੇ ਖ਼ਿਲਾਫ਼ ਆਇਆ ਸੀ।

ਇਹ ਵੀ ਪੜ੍ਹੋ : ਵਿਸ਼ਵ ਟੈਸਟ ਚੈਂਪੀਅਨਸ਼ਿਪ ਸੂਚੀ 'ਚ ਪੰਜਵੇਂ ਸਥਾਨ 'ਤੇ ਖਿਸਕਿਆ ਭਾਰਤ

* ਕੋਹਲੀ ਨੇ ਆਪਣੇ ਟੈਸਟ ਕਰੀਅਰ 7 ਦੋਹਰੇ ਸੈਂਕੜੇ ਬਣਾਏ ਹਨ। ਸੱਬਬ ਨਾਲ ਉਹ ਸਾਰੇ ਟੈਸਟ 'ਚ ਭਾਰਤੀ ਟੀਮ ਦੇ ਕਪਤਾਨ ਰਹੇ। ਇਹ ਉਨ੍ਹਾਂ ਨੂੰ ਕਿਸੇ ਵੀ ਟੈਸਟ ਕਪਤਾਨ ਦੇ ਲਈ ਸਭ ਤੋਂ ਵੱਧ ਦੋਹਰੇ ਸੈਂਕੜਿਆਂ ਦੀ ਸੂਚੀ 'ਚ ਪਹਿਲੇ ਸਥਾਨ 'ਤੇ ਰੱਖਦਾ ਹੈ।

* ਕੋਹਲੀ ਦੇ ਨਾਂ ਕਪਤਾਨ ਦੇ ਤੌਰ 'ਤੇ ਭਾਰਤ ਲਈ ਸਭ ਤੋਂ ਜ਼ਿਆਦਾ ਟੈਸਟ ਦੌੜਾਂ ਬਣਾਉਣ ਦਾ ਰਿਕਾਰਡ ਵੀ ਹੈ। ਵਿਰਾਟ ਨੇ ਅਜੇ ਤਕ 66 ਟੈਸਟ 'ਚ 55.36 ਦੀ ਔਸਤ 5703 ਦੌੜਾਂ ਬਣਾਈਆਂ ਹਨ, ਜਿਸ 'ਚ ਦੱਖਣੀ ਅਫਰੀਕਾ ਦੇ ਖਿਲਾਫ 254* ਦਾ ਸਰਵਉੱਚ ਸਕੋਰ ਸ਼ਾਮਲ ਹੈ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh