ਵਿਰਾਟ ਦੀ ਹਾਂ ''ਚ ਹਾਂ ਮਿਲਾਉਣ ਲਈ ਨਹੀਂ ਬਣਿਆ ਕੋਚ : ਸ਼ਾਸਤਰੀ

07/13/2017 6:04:21 PM

ਨਵੀਂ ਦਿੱਲੀ — ਭਾਰਤੀ ਟੀਮ ਦਾ ਨਵਾਂ ਕੋਚ ਨਿਯੁਕਤ ਕੀਤੇ ਜਾਣ ਤੋਂ ਬਾਅਦ ਰਵੀ ਸ਼ਾਸਤਰੀ ਨੇ ਕਿਹਾ ਕਿ ਉਹ ਵਿਰਾਟ ਕੋਹਲੀ ਦੀ ਹਾਂ 'ਚ ਹਾਂ ਮਿਲਾਉਣ ਲਈ ਕੋਚ ਨਹੀਂ ਬਣੇ ਹਨ। ਉਹ ਟੀਮ ਨੂੰ ਆਪਣੇ ਅੰਦਾਜ਼ 'ਚ ਖੇਡਣ ਲਈ ਤਿਆਰ ਕਰਨਗੇ।
ਖਬਰਾਂ ਮੁਤਾਬਕ ਸ਼ਾਸਤਰੀ ਨੇ ਕਿਹਾ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਉਹ ਉਨ੍ਹਾਂ ਨੂੰ ਆਪਣੇ ਤਰੀਕੇ ਨਾਲ ਪੂਰਾ ਕਰਨਗੇ। ਟੀਮ ਮੇਰੇ ਕੰਮ ਦੇ ਤਰੀਕੇ ਤੋਂ ਵਾਕਫ ਹੈ। ਉਹ ਜਾਣਦੇ ਹਨ ਕਿ ਉਹ ਮੇਰੇ ਕਿੰਨੇ ਕਰੀਬ ਆ ਸਕਦੇ ਹਨ ਅਤੇ ਮੇਰੇ ਤੋਂ ਕਿੰਨੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਮੇਰੇ ਅਤੇ ਟੀਮ ਦੇ ਮੈਂਬਰਾਂ ਵਿਚਾਲੇ ਚੰਗੀ ਸਮਝ ਹੈ।
ਸ਼ਾਸਤਰੀ ਨੇ ਕਿਹਾ ਕਿ ਫਿਟਨੈਸ ਅਤੇ ਫਾਰਮ 2 ਚੀਜ਼ਾਂ ਹਨ, ਜਿਨ੍ਹਾਂ ਦੇ ਆਧਾਰ 'ਤੇ ਧੋਨੀ ਅਤੇ ਯੁਵਰਾਜ ਜਿਹੇ ਖਿਡਾਰੀਆਂ ਦੇ ਭਵਿੱਖ 'ਤੇ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਦਾ 10-15 ਸਾਲਾ ਦਾ ਤਜਰਬਾ ਸਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗਾ। ਸਾਨੂੰ ਉਨ੍ਹਾਂ ਦੇ ਹੁਣ ਤੱਕ ਦੇ ਪ੍ਰਦਰਸ਼ਨ ਦਾ ਸਨਮਾਨ ਕਰਨਾ ਚਾਹੀਦਾ ਹੈ। ਸ਼ਾਸਤਰੀ ਨੇ ਕਿਹਾ ਕਿ ਸਚਿਨ, ਸੌਰਵ ਅਤੇ ਲਕਸ਼ਮਣ ਦੇ ਸਵਾਲਾਂ ਦੇ ਜਵਾਬ ਦੇਣ 'ਚ ਮੈਨੂੰ ਬਹੁਤ ਮਜ਼ਾ ਆਇਆ। ਉਨ੍ਹਾਂ ਦੱਸਿਆ ਕਿ ਮੈਨੂੰ ਬੀ. ਸੀ. ਸੀ. ਆਈ. ਦੇ ਸੀ. ਈ. ਓ. ਰਾਹੁਲ ਜੌਹਰੀ ਨੇ ਇਸ ਗੱਲ ਦੀ ਸੂਚਨਾ ਦਿੱਤੀ ਕਿ ਮੈਂ ਭਾਰਤੀ ਟੀਮ ਦੇ ਨਵਾ ਕੋਚ ਨਿਯੁਕਤ ਹੋ ਗਿਆ ਹਾਂ। ਸ਼ਾਸਤਰੀ ਨੇ ਦੱਸਿਆ ਕਿ ਇਸ ਵਾਰ ਸੀ. ਏ. ਸੀ. ਦੇ ਸਵਾਲ ਪਿਛਲੀ ਵਾਰ ਤੋਂ ਅਲੱਗ ਸੀ। ਤਿੰਨਾਂ ਨੇ ਇਸ ਵਾਰ ਕੁੱਝ ਚੰਗੇ ਸਵਾਲ ਮੇਰੇ ਤੋਂ ਪੁੱਛੇ, ਜਿਸ ਦੌਰਾਨ ਮੈਨੂੰ ਇੰਟਰਵਿਊ ਦੇਣ 'ਚ ਬਹੁਤ ਮਜ਼ਾ ਆਇਆ।