ਵਿਰਾਟ ਕੋਹਲੀ ਦਾ ਧਮਾਕਾ, ਦੁਨੀਆ ਦੇ ਸਾਰੇ ਕਪਤਾਨਾਂ ਨੂੰ ਛੱਡਿਆ ਇਸ ਮਾਮਲੇ 'ਚ ਪਿੱਛੇ

01/10/2020 9:35:03 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਸ਼ਾਨਦਾਰ ਫਾਰਮ 'ਚ ਚਲ ਰਹੇ ਹਨ। ਭਾਰਤ-ਸ਼੍ਰੀਲੰਕਾ ਵਿਚਾਲੇ ਟੀ-20 ਸੀਰੀਜ਼ ਦਾ ਆਖਰੀ ਮੈਚ ਖੇਡਿਆ ਜਾ ਰਿਹਾ ਹੈ। ਇਸ ਮੁਕਾਬਲੇ 'ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵਿਸ਼ਵ ਕ੍ਰਿਕਟ 'ਚ ਇਤਿਹਾਸ ਰਚ ਦਿੱਤਾ ਹੈ। ਰਨ ਮਸ਼ੀਨ ਵਿਰਾਟ ਨੇ ਦੁਨੀਆ ਦੇ ਸਾਰੇ ਕਪਤਾਨਾਂ ਨੂੰ ਪਿੱਛੇ ਛੱਡ ਦਿੱਤਾ ਹੈ। ਸ਼੍ਰੀਲੰਕਾ ਵਿਰੁੱਧ ਪੁਣੇ ਦੇ ਮੁਕਾਬਲੇ 'ਚ ਇਕ ਦੌੜ ਬਣਾਉਂਦੇ ਹੀ ਵਿਰਾਟ ਕੋਹਲੀ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਤੇਜ਼ 11 ਹਜ਼ਾਰ ਦੌੜਾਂ ਬਣਾਉਣ ਵਾਲੇ ਦੁਨੀਆ ਦੇ ਪਹਿਲੇ ਕਪਤਾਨ ਬਣ ਗਏ ਹਨ।


ਵਿਰਾਟ ਬਤੌਰ ਕਪਤਾਨ ਇਹ ਕਮਾਲ ਕਰਨ ਵਾਲੇ ਦੁਨੀਆ ਦੇ 6ਵੇਂ ਤੇ ਐੱਮ. ਐੱਸ. ਧੋਨੀ ਤੋਂ ਬਾਅਦ ਭਾਰਤ ਦੇ ਦੂਜੇ ਕਪਤਾਨ ਬਣੇ। ਵਿਰਾਟ ਤੋਂ ਪਹਿਲਾਂ ਰਿਕੀ ਪੋਂਟਿੰਗ, ਗ੍ਰੀਮ ਸਮਿਥ, ਸਟੀਫਨ ਫਲੇਮਿੰਗ, ਐੱਮ. ਐੱਸ. ਧੋਨੀ ਤੇ ਐਲਨ ਬਾਰਡਰ ਨੇ ਇਹ ਉਪਲੱਬਧੀ ਹਾਸਲ ਕੀਤੀ ਹੈ।


ਆਸਟਰੇਲੀਆ ਦੇ ਸਾਬਕਾ ਕਪਤਾਨ ਪੋਂਟਿੰਗ ਨੇ 324 ਮੈਚਾਂ 'ਚ 15,440 ਦੌੜਾਂ ਬਣਾਈਆਂ ਸਨ। ਨਾਲ ਹੀ ਸਮਿਥ (286 ਮੈਚਾਂ 'ਚ 14,878), ਫਲੇਮਿੰਗ (303 ਮੈਚਾਂ 'ਚ 11,561), ਧੋਨੀ (332 ਮੈਚਾਂ 'ਚ 11,207) ਤੇ ਐਲਨ ਬਾਰਡ ਨੇ (271 ਮੈਚਾਂ 'ਚ 11,062) ਦੌੜਾਂ ਬਣਾਈਆਂ ਹਨ। ਜਦਕਿ ਵਿਰਾਟ ਨੇ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਦੀ 196ਵੀਂ ਪਾਰੀ 'ਚ ਆਪਣੀਆਂ 11 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ।

Gurdeep Singh

This news is Content Editor Gurdeep Singh