ਵਿਸਡਨ ਟੀਮ ਆਫ ਡੈਕੇਡ ਵਿਚ ਵਿਰਾਟ ਤੇ ਬੁਮਰਾਹ ਸ਼ਾਮਲ

12/30/2019 7:16:06 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਤੇ ਧਾਕੜ ਕ੍ਰਿਕਟਰ ਵਿਰਾਟ ਕੋਹਲੀ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਕ੍ਰਿਕਟ ਦੀ ਬਾਈਬਲ ਕਹੀ ਜਾਣ ਵਾਲੀ ਵਿਸਡਨ ਦੀ ਇਕ ਦਹਾਕੇ ਦੀ ਸਰਵਸ੍ਰੇਸ਼ਠ ਟੀ-20 ਕੌਮਾਂਤਰੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਵਿਸਡਨ  ਦੀ ਟੀ-20 ਟੀਮ ਆਫ ਡੈਕੇਡ ਦੀ ਅਗਵਾਈ ਆਸਟਰੇਲੀਆ ਦੇ ਆਰੋਨ ਫਿੰਚ ਨੂੰ ਸੌਂਪੀ ਗਈ ਹੈ। ਦਿਲਚਸਪ ਹੈ ਕਿ ਇਸ ਟੀਮ ਵਿਚ ਭਾਰਤ ਦੇ ਸਫਲ ਕਪਤਾਨ ਤੇ ਤਜਰੇਬਾਕਰ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਤੇ ਸੀਮਤ ਸਵਰੂਪ ਦੇ ਮਾਹਿਰ ਮੰਨੇ ਜਾਣ ਵਾਲੇ ਰੋਹਿਤ ਸ਼ਰਮਾ ਨੂੰ ਜਗ੍ਹਾ ਨਹੀਂ ਮਿਲੀ।

ਵਿਸਡਨ ਨੇ ਵਿਰਾਟ ਦੇ ਬਾਰੇ ਵਿਚ ਲਿਖਿਆ, 'ਵਿਰਾਟ ਦਾ ਟੀ-20 ਘਰੇਲੂ ਕ੍ਰਿਕਟ ਵਿਚ ਰਿਕਾਰਡ ਬਹੁਤਾ ਚੰਗਾ ਨਹੀਂ ਹੈ ਪਰ ਉਸਦੇ ਕੌਮਾਂਤਰੀ ਟੀ-20 ਰਿਕਾਰਡ ਦੇ ਬਾਰੇ ਵਿਚ ਅਜਿਹਾ ਨਹੀਂ ਕਿਹਾ ਜਾ ਸਕਦਾ। ਵਿਰਾਟ ਦੀ 53 ਦੀ ਔਸਤ ਇਕ ਦਹਾਕੇ ਵਿਚ ਸਭ ਤੋਂ ਚੰਗੀ ਹੈ, ਉਸਦੀ ਸਟ੍ਰਾਈਕ ਰੇਟ ਕੁਝ ਘੱਟ ਰਹੀ ਹੈ ਪਰ ਇਸਦੇ ਬਾਵਜੂਦ ਉਸਦੀ ਰੇਟ ਭਾਵੇਂ ਹੀ ਆਸਾਧਾਰਨ ਨਾ ਹੋਵੇ ਪਰ ਪ੍ਰਭਾਵਸ਼ਾਲੀ ਹੈ। ਸਪਿਨ ਤੇ ਤੇਜ਼ ਗੇਂਦਬਾਜ਼ੀ ਵਿਰੁੱਧ ਮਜ਼ਬੂਤ ਤੇ ਵਿਕਟ ਵਿਚਾਲੇ ਵਿਚ ਫਰਾਟਾ ਲਾਉਣ ਵਾਲਾ ਵਿਰਾਟ ਨੰਬਰ-3 ਕ੍ਰਮ 'ਤੇ ਇਕ ਆਦਾਰਸ਼ ਖਿਡਾਰੀ ਹੈ। ਉਹ ਦੂਜੇ ਪਾਸੇ 'ਤੇ ਵਿਕਟਾਂ ਡਿੱਗਣ ਦੇ ਬਾਵਜੂਦ ਪਾਰੀਆਂ ਨੂੰ ਸੰਭਾਲਦਾ ਹੈ ਤੇ ਟਿਕਣ ਤੋਂ ਬਾਅਦ ਆਪਣੀ ਰਨ ਰੇਟ ਨੂੰ ਤੇਜ਼ ਕਰ ਲੈਂਦਾ ਹੈ। ਪਹਿਲਾਂ ਵਿਕਟ ਲਈ ਵੱਡੀ ਸਾਂਝੇਦਾਰੀ ਕਰਨ ਤੋਂ ਬਾਅਦ ਵਿਰਾਟ ਆਖਰੀ-11 ਵਿਚ ਬਾਕੀ ਸਥਿਤੀ ਨੂੰ ਸੰਭਾਲ ਸਕਦਾ ਹੈ।''

ਭਾਰਤੀ ਕਪਤਾਨ ਵਿਰਾਟ ਨੂੰ ਟੀ-20 ਸਵਰੂਪ ਦੇ ਇਲਾਵਾ ਵਿਸਡਨ ਦੀ ਟੈਸਟ ਤੇ ਵਨ ਡੇ ਟੀਮ ਆਫ ਡੈਕੇਟ ਵਿਚ ਵੀ ਜਗ੍ਹਾ ਮਿਲੀ ਹੈ। ਵਿਰਾਟ ਨੂੰ ਇਸ ਦੇ ਨਾਲ ਵਿਸਡਨ ਦੇ ਦਹਾਕੇ ਦੇ ਪੰਜ ਸਰਵਸ੍ਰੇਸਠ ਕ੍ਰਿਕਟਰਾਂ ਦੀ ਸੂਚੀ ਵਿਚ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਵਿਚ ਸਟੀਵ ਸਮਿਥ, ਡੇਲ ਸਟੇਨ, ਏ. ਬੀ. ਡਿਵਿਲੀਅਰਸ ਤੇ ਮਹਿਲਾ ਕ੍ਰਿਕਟਰ ਐਲਿਸ ਪੇਰੀ ਸ਼ਾਮਲ ਹੈ। ਵੱਕਾਰੀ ਵਿਸਡਨ ਵਿਚ ਭਾਰਤੀ ਤੇਜ਼ ਗੇਂਦਬਾਜ਼ ਬੁਮਰਾਹ ਵੀ ਜਗ੍ਹਾ ਬਣਾਉਣ ਵਿਚ ਸਫਲ ਰਿਹਾ ਹੈ। ਵਿਸਡਨ ਨੇ ਜਾਰੀ ਬਿਆਨ ਵਿਚ ਬੁਮਰਾਹ ਦੀ ਸ਼ਲਾਘਾ ਕਰਦਿਆਂ ਕਿਹਾ, ''ਸਿਰਫ 2016 ਵਿਚ ਹੀ ਡੈਬਿਊ ਕਰਨ ਦੇ ਬਾਵਜੂਦ ਬੁਮਰਾਹ ਨੇ ਆਪਣੇ ਬਿਹਤਰੀਨ ਰੱਖਿਆਤਮਕ ਖੇਡ ਦੀ ਬਦੌਲਤ ਭਾਰਤੀ ਟੀਮ ਵਿਚ ਜਗ੍ਹਾ ਬਣਾ ਲਈ। ਬੁਮਰਾਹ ਦੀ ਓਵਰਆਲ ਇਕਾਨੋਮੀ ਰੇਟ 6.71 ਹੈ, ਜਿਹੜੀ ਵਿਸ਼ਵ ਦੇ ਤੇਜ਼ ਗੇਂਦਬਾਜ਼ਾਂ ਵਿਚ ਦੂਜੀ ਸਰਵਸ੍ਰੇਸ਼ਠ ਇਕਾਨੋਮੀ ਹੈ। ਇਸ ਤੋਂ ਇਸ ਮਾਮਲੇ ਵਿਚ ਸਿਰਫ ਡੇਲ ਸਟੇਨ ਹੀ ਅੱਗੇ ਹੈ। ਇਹ ਵੀ ਵਿਸ਼ੇਸ਼ ਤਦ ਲੱਗਦਾ ਹੈ ਜਦੋਂ ਉਸ ਨੇ ਆਪਣੀ ਗੇਂਦਬਾਜ਼ੀ ਮੁੱਖ ਰੂਪ ਨਾਲ ਡੈੱਥ ਓਵਰਾਂ ਵਿਚ ਕੀਤੀ ਹੋਵੇ, ਜਿੱਥੇ ਉਸਦੀ ਇਕਾਨੋਮੀ ਰੇਟ 7.27 ਹੈ, ਜਿਹੜੀ ਦੁਨੀਆ ਦੇ ਤੇਜ਼ ਗੇਂਦਬਾਜ਼ਾਂ ਵਿਚ ਸੱਤਵੀਂ ਸਰਵਸ੍ਰੇਸ਼ਠ ਹੈ।''

ਵਿਸਡਨ ਦੀ ਦਹਾਕੇ ਦੀ ਟੀ-20 ਟੀਮ :
ਆਰੋਨ ਫਿੰਚ (ਕਪਤਾਨ), ਕੌਲਿਨ ਮੁਨਰੋ, ਵਿਰਾਟ ਕੋਹਲੀ, ਸ਼ੇਨ ਵਾਟਸਨ, ਗਲੇਨ ਮੈਕਸਵੈੱਲ, ਜੋਸ ਬਟਲਰ, ਮੁਹੰਮਦ ਨਬੀ, ਡੇਵਿਡ ਵਿਲੀ, ਰਾਸ਼ਿਦ ਖਾਨ, ਜਸਪ੍ਰੀਤ ਬੁਮਰਾਹ, ਲਸਿਥ ਮਲਿੰਗਾ।