ਭੰਡਾਰੀ ''ਤੇ ਹਮਲੇ ਖਿਲਾਫ ਗੰਭੀਰ-ਸਹਿਵਾਗ ਵੱਲੋਂ ਸਖਤ ਕਾਰਵਾਈ ਦੀ ਮੰਗ

02/12/2019 12:18:04 PM

ਨਵੀਂ ਦਿੱਲੀ : ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਅਤੇ ਡੀ. ਡੀ. ਸੀ. ਏ. ਦੀ ਸੀਨੀਅਰ  ਚੋਣ ਕਮੇਟੀ ਦੇ ਪ੍ਰਧਾਨ ਅਮਿਤ ਭੰਡਾਰੀ 'ਤੇ ਅੰਡਰ-23 ਟ੍ਰਾਇਲਸ ਦੌਰਾਨ ਹੋਏ ਹਮਲੇ ਨੂੰ ਲੈ ਕੇ ਸੰਘ ਦੇ ਪ੍ਰਧਾਨ ਰਜਤ ਸ਼ਰਮਾ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨਗੇ। ਸ਼ਰਮਾ ਨੇ ਆਈ. ਏ. ਐੱਨ. ਐੱਸ. ਨੂੰ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਭੰਡਾਰੀ 'ਤੇ ਹਮਲਾ ਕੀਤਾ ਹੈ, ਉਨ੍ਹਾਂ ਨੂੰ ਇਕ ਅਜਿਹੇ ਖਿਡਾਰੀ ਨੇ ਭੇਜਿਆ ਸੀ, ਜਿਸਦੀ ਚੋਣ ਟੀਮ ਵਿਚ ਨਹੀਂ ਹੋਈ ਸੀ। ਸ਼ਰਮਾ ਨੇ ਕਿਹਾ, ''ਸੈਯਦ ਮੁਸ਼ਤਾਕ ਅਲੀ ਟੂਰਨਾਮੈਂਟ ਦਾ ਮੈਚ ਸਟੀਫੰਸ ਗ੍ਰਾਊਂਡ 'ਤੇ ਹੋਰ ਚੋਣਕਾਰਾਂ ਦੇ ਨਾਲ ਦੇਖ ਰਹੇ ਸੀ। ਇਕ ਖਿਡਾਰੀ ਉਸ ਦੇ ਕੋਲ ਆਇਆ ਅਤੇ ਪੁੱਛਣ ਲੱਗਾ ਕਿ ਉਸਦੀ ਚੋਣ ਕਿਉਂ ਨਹੀਂ ਹੋਈ। ਇਸ 'ਤੇ ਭੰਡਾਰੀ ਨੇ ਕਿਹਾ ਕਿ ਚੋਣ ਮੈਰਿਟ ਦੇ ਆਧਾਰ 'ਤੇ ਕੀਤੀ ਗਈ ਹੈ।''

ਸ਼ਰਮਾ ਨੇ ਕਿਹਾ, ''ਇਸ ਤੋਂ ਬਾਅਦ 10-15 ਲੋਕ ਦੀਵਾਰ ਟੱਪ ਕੇ ਆਏ ਅਤੇ ਉਸ 'ਤੇ ਹਮਲਾ ਕਰ ਦਿੱਤਾ। ਪੁਲਸ ਨੇ ਭੰਡਾਰੀ ਦਾ ਬਿਆਨ ਲਿਆ ਹੈ। ਭੰਡਾਰੀ ਦੇ ਸਿਰ 'ਤੇ 7 ਟਾਂਕੇ ਲੱਗੇ ਹਨ। ਸ਼ਰਮਾ ਨੇ ਕਿਹਾ, ''ਭੰਡਾਰੀ ਕਾਫੀ ਘਬਰਾਏ ਹੋਏ ਹਨ। ਅਸੀਂ ਉਸ ਨੂੰ ਮਦਦ ਦਾ ਭਰੋਸਾ ਦਿੱਤਾ ਹੈ ਨਾਲ ਹੀ ਦਿੱਲੀ ਪੁਲਸ ਦੇ ਅਧਿਕਾਰੀਆਂ ਨੂੰ ਸਖਤ ਕਦ ਚੁੱਕਣ ਲਈ ਕਿਹਾ ਹੈ। ਭੰਡਾਰੀ 'ਤੇ ਸੋਮਵਾਰ ਨੂੰ ਅੰਡਰ-23 ਟ੍ਰਾਇਲਸ ਦੌਰਾਨ ਕੁਝ ਅਣਜਾਣ ਲੋਕਾਂ ਨੇ ਹਮਲਾ ਕਰ ਦਿੱਤਾ। ਭੰਡਾਰੀ 'ਤੇ ਲੋਹੇ ਦੀ ਰਾਡ ਅਤੇ ਹਾਕੀ ਨਾਲ ਹਮਲਾ ਕੀਤਾ ਗਿਆ ਸੀ। ਉਸ ਨੂੰ ਦੂਜੇ ਚੋਣਕਾਰ ਸੁਖਵਿੰਦਰ ਸਿੰਘ ਨੇ ਤੁਰੰਤ ਹਸਪਤਾਲ ਪਹੁੰਚਾਇਆ। ਇਸ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਵੀ ਦਿੱਤੀ ਗਈ ਪਰ ਜਿਵੇਂ ਪੁਲਸ ਆਈ ਭੰਡਾਰੀ 'ਤੇ ਹਮਲਾ ਕਰਨ ਵਾਲੇ ਫਰਾਰ ਹੋ ਗਏ। ਇਸ ਮਾਮਲੇ 'ਤੇ ਡੀ. ਡੀ. ਸੀ. ਏ. ਦੇ ਇਕ ਅਧਿਕਾਰੀ ਨੇ ਆਈ. ਏ. ਐੱਨ. ਐੱਸ. ਨੂੰ ਕਿਹਾ ਕਿ ਉਹ ਇਸ ਨੂੰ ਲੈ ਕੇ ਐੱਫ. ਆਈ. ਆਰ. ਦਰਜ ਕਰਾਉਣਗੇ।''

2 ਦੋਸ਼ੀ ਗਿਰਫਤਾਰ
ਇਸ ਹਮਲੇ ਨੂੰ ਅਜਾਮ ਦੇਣ ਤੋਂ ਬਾਅਦ ਪੁਲਸ ਦੇ ਆਉਣ ਤੋਂ ਪਹਿਲਾਂ ਦੋਸ਼ੀ ਫਰਾਰ ਹੋ ਗਏ ਸੀ ਪਰ ਬਾਅਦ ਵਿਚ ਉਨ੍ਹਾਂ ਨੂੰ ਗਿਰਫਤਾਰ ਕਰ ਲਿਆ ਗਿਆ। ਡੀ. ਸੀ. ਪੀ. (ਉੱਤਰ) ਨੁਪੁਰ ਪ੍ਰਸਾਦ ਨੇ ਕਿਹਾ, ''ਅੱਜ ਦੋਪਿਹਰ ਬਾਅਦ ਲਗਭਗ 1 ਵਜ ਕੇ 15 ਮਿੰਟ 'ਤੇ ਸੈਂਟ ਸਟੀਫੰਸ ਮੈਦਾਨ 'ਤੇ ਚਲ ਰਹੇ ਟ੍ਰਾਇਲਸ  ਦੌਰਾਨ ਇਕ ਵਿਅਕਤੀ ਅਨੁਜ ਡੇਢਾ ਉੱਥੇ ਪਹੁੰਚਿਆ ਅਤੇ ਟੀਮ ਵਿਚ ਚੋਣ ਨਹੀਂ ਹੋਣ ਦੇ ਬਾਰੇ ਪੁੱਛਣ ਲੱਗਾ ਅਤੇ ਭੰਡਾਰੀ ਦੇ ਥੱਪੜ ਮਾਰੇ। ਇਸ ਤੋਂ ਬਾਅਦ 10-15 ਲੜਕੇ ਆਏ ਅਤੇ ਭੰਡਾਰੀ 'ਤੇ ਲੋਹੇ ਦੀ ਰਾਡ ਅਤੇ ਹਾਕੀ ਸਟਿਕ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀ ਅਤੇ ਉਸ ਦੇ ਸਾਥੀ ਨਵੀਨ ਨੂੰ ਗਿਰਫਤਾਰ ਕਰ ਲਿਆ ਗਿਆ ਹੈ।'' ਜ਼ਿਕਰਯੋਗ ਹੈ ਕਿ ਡੀ. ਡੀ. ਸੀ. ਏ. ਨੇ ਨਵੰਬਰ ਵਿਚ ਅੰਡਰ-23 ਟ੍ਰਾਇਲਸ ਲਈ ਜਿਨ੍ਹਾਂ 79 ਖਿਡਾਰੀਆਂ ਦੀ ਸੂਚੀ ਜਾਰੀ ਕੀਤੀ ਸੀ, ਉਸ ਵਿਚ ਡੇਢਾ ਦਾ ਨਾਂ ਸ਼ਾਮਲ ਸੀ। ਉਸ ਦੀ ਜਨਮ ਮਿੱਤੀ 22 ਨਵੰਬਰ 1995 ਹੈ।

ਗੰਭੀਰ ਨੇ ਵੀ ਸਖਤ ਕਾਰਵਾਈ ਦੀ ਕੀਤੀ ਮੰਗ

ਅਮਿਤ ਭੰਡਾਰੀ 'ਤੇ ਹੋਏ ਹਮਲੇ ਤੋਂ ਬਾਅਦ ਸਾਬਕਾ ਸਲਾਮੀ ਭਾਰਤੀ ਬੱਲੇਬਾਜ਼ ਗੰਭੀਰ ਨੇ ਕਿਹਾ, ''ਮੈਂ ਉਸ ਖਿਡਾਰੀ 'ਤੇ ਕ੍ਰਿਕਟ ਦੇ ਹਰ ਸਵਰੂਪ ਵਿਚ ਪੂਰੀ ਉਮਰ ਦੀ ਪਾਬੰਦੀ ਲਾਉਣ ਦੀ ਮੰਗ ਕਰਦਾ ਹਾਂ, ਜਿਸ ਨੇ ਚੋਣ ਨਾ ਹੋਣ 'ਤੇ ਇਹ ਹਮਲਾ ਕੀਤਾ ਹੈ।''

ਸਹਿਵਾਗ ਨੇ ਵੀ ਇਸ ਹਮਲੇ ਨੂੰ ਦੱਸਿਆ ਸ਼ਰਮਨਾਕ

ਭੰਡਾਰੀ 'ਤੇ ਹਮਲੇ ਤੋਂ ਬਾਅਦ ਸਹਿਵਾਗ ਨੇ ਕਿਹਾ, ''ਇਕ ਖਿਡਾਰੀ ਨੂੰ ਨਹੀਂ ਚੁਣੇ ਜਾਣ ਲਈ ਦਿੱਲੀ ਦੇ ਚੋਣਕਾਰ ਅਮਿਤ ਭੰਡਾਰੀ 'ਤੇ ਹਮਲਾ ਸ਼ਰਮਨਾਕ ਹੈ ਅਤੇ ਮੈਨੂੰ ਉਮੀਦ ਹੈ ਕਿ ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਚੰਗੇ ਕਦਮ ਚੁੱਕੇ ਜਾਣਗੇ।