BCCI ਨੂੰ ਝਟਕਾ, ਵਿਨੋਦ ਰਾਏ ਨੇ ਮੀਡੀਆ ਅਧਿਕਾਰਾਂ ਲਈ ਈ-ਨਿਲਾਮੀ ਦਾ ਕੀਤਾ ਫੈਸਲਾ

02/23/2018 12:26:53 PM

ਨਵੀਂ ਦਿੱਲੀ, (ਬਿਊਰੋ)— ਪ੍ਰਸ਼ਾਸਕਾਂ ਦੀ ਕਮੇਟੀ (ਸੀ.ਓ.ਏੇ) ਨੇ ਆਪਣੀ ਨਿਲਾਮੀ ਦੀ ਪ੍ਰਕਿਰਿਆ ਵਿੱਚ ਵੱਡਾ ਬਦਲਾਅ ਕਰਦੇ ਹੋਏ ਫੈਸਲਾ ਕੀਤਾ ਕਿ ਅਗਲੇ ਅੰਤਰਰਾਸ਼ਟਰੀ ਅਤੇ ਘਰੇਲੂ ਮੈਚਾਂ ਲਈ ਬੀ.ਸੀ.ਸੀ.ਆਈ. ਦੇ ਮੀਡੀਆ ਅਧਿਕਾਰ (ਪ੍ਰਸਾਰਣ ਅਤੇ ਡਿਜੀਟਲ) ਈ-ਨਿਲਾਮੀ ਦੇ ਜ਼ਰੀਏ ਕੀਤੇ ਜਾਣਗੇ । ਪਹਿਲਾਂ ਇਨ੍ਹਾਂ ਦਾ ਨਿਰਧਾਰਨ ਸੀਲਬੰਦ ਟੈਂਡਰ ਪ੍ਰਕਿਰਿਆ ਦੇ ਤਹਿਤ ਕੀਤਾ ਜਾਂਦਾ ਸੀ ਜੋ ਇਸ ਸਾਲ ਆਈ.ਪੀ.ਐੱਲ. ਵਿੱਚ ਇਸਤੇਮਾਲ ਕੀਤੀ ਗਈ ਸੀ । ਈ-ਨਿਲਾਮੀ ਦੇ 27 ਮਾਰਚ ਨੂੰ ਹੋਣ ਦੀ ਉਮੀਦ ਹੈ । ਇਨ੍ਹਾਂ ਅਧਿਕਾਰਾਂ ਨੂੰ ਤਿੰਨ ਵਰਗਾਂ ਵਿੱਚ ਵੰਡਿਆ ਗਿਆ ਹੈ, ਜੋ ਸੰਸਾਰਕ ਟੀ.ਵੀ. ਅਧਿਕਾਰ ਅਤੇ ਬਾਕੀ ਵਿਸ਼ਵ ਡਿਜੀਟਲ ਅਧਿਕਾਰ ਪੈਕੇਜ, ਭਾਰਤੀ-ਉਪਮਹਾਦੀਪ ਡਿਜੀਟਲ ਅਧਿਕਾਰ ਪੈਕੇਜ ਅਤੇ ਸੰਸਾਰਕ ਸੰਯੁਕਤ ਅਧਿਕਾਰ ਪੈਕੇਜ ਹਨ । ਹਾਲਾਂਕਿ ਵਿਨੋਦ ਰਾਏ ਦੀ ਪ੍ਰਧਾਨਤਾ ਵਾਲੀ ਸੀਓਏ ਨੇ ਜ਼ਿਆਦਾਤਰ ਨੀਤੀਗਤ ਫੈਸਲੇ ਇਕੱਲੇ ਹੀ ਲੈ ਲਏ ਹਨ ਅਤੇ ਇਸਦੇ ਲਈ ਬੀ.ਸੀ.ਸੀ.ਆਈ. ਦੀ ਆਮ ਸਭਾ ਬੈਠਕ ਨੂੰ ਵੀ ਨਹੀਂ ਬੁਲਾਇਆ ।               

ਇੱਕ ਨਾਰਾਜ਼ ਸੀਨੀਅਰ ਅਧਿਕਾਰੀ ਨੇ ਕਿਹਾ, ''ਹਾਂ,  ਸਾਨੂੰ ਇੱਕ ਨੋਟ ਮਿਲਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਅੰਤਰਰਾਸ਼ਟਰੀ ਮੈਚਾਂ ਲਈ ਬੀ.ਸੀ.ਸੀ.ਆਈ. ਦੇ ਮੀਡੀਆ ਅਧਿਕਾਰ ਈ-ਨਿਲਾਮੀ ਪ੍ਰਕਿਰਿਆ ਦੇ ਜ਼ਰੀਏ ਕੀਤੇ ਜਾਣਗੇ । ਹੁਣ ਇਸ ਨੋਟ ਵਿੱਚ ਇਸਦਾ ਜ਼ਿਕਰ ਨਹੀਂ ਕੀਤਾ ਗਿਆ ਹੈ ਕਿ ਅਚਾਨਕ ਨਾਲ ਇਹ ਫੈਸਲਾ ਕਿਉਂ ਕੀਤਾ ਗਿਆ ਜਦੋਂ ਕਿ ਬੀ.ਸੀ.ਸੀ.ਆਈ. ਨੇ ਪੂਰਵ ਪ੍ਰਕਿਰਿਆ ਨਾਲ ਆਈ.ਪੀ.ਐੱਲ. ਅਧਿਕਾਰਾਂ ਲਈ ਸਟਾਰ ਇੰਡੀਆ ਪ੍ਰਾਈਵੇਟ ਲਿਮਿਟੇਡ ਨਾਲ 16,347 ਕਰੋੜ ਰੁਪਏ ਦਾ ਵੱਡਾ ਕਰਾਰ ਕੀਤਾ ਸੀ । ਰਵਾਇਤ ਦੇ ਅਨੁਸਾਰ ਉਨ੍ਹਾਂ ਨੇ ਆਮ ਸਭਾ ਬੈਠਕ ਬੁਲਾਉਣ ਦੀ ਵੀ ਜ਼ਹਿਮਤ ਨਹੀਂ ਉਠਾਈ ।''      

ਪਤਾ ਲੱਗਾ ਹੈ ਕਿ ਈ-ਕਾਮਰਸ ਮੇਜਰ 'ਐਮਜੰਕਸ਼ਨ' ਇਸ ਪ੍ਰਕਿਰਿਆ ਦੀ ਜ਼ਿੰਮੇਵਾਰੀ ਸੰਭਾਲੇਗਾ ਜੋ ਵੱਖ-ਵੱਖ ਸਪੈਕਟਰਮ ਵਿੱਚ ਈ-ਨਿਲਾਮੀ ਆਯੋਜਿਤ ਕਰਾਉਂਦਾ ਹੈ । ਗੁੱਸੇ 'ਚ ਆਏ ਅਧਿਕਾਰੀ ਨੇ ਇਲਜ਼ਾਮ ਲਗਾਇਆ,  ''ਹੁਣ ਈ-ਨਿਲਾਮੀ ਲਈ ਐਮਜੰਕਸ਼ਨ ਨੂੰ ਰੱਖਣ ਦੀ ਪਰਿਕਿਰਿਆ ਕੀ ਸੀ,  ਇਸਦੀ ਵੀ ਜਾਣਕਾਰੀ ਨਹੀਂ ਹੈ । ਉਂਝ ਵੀ ਸੀ.ਓ.ਏ. ਨੂੰ ਕੁਝ ਸਵਾਲ ਪੁੱਛਣਾ ਵੀ ਪਸੰਦ ਨਹੀਂ ਹੈ ।'' 

ਭਾਰਤ ਦੇ ਅੰਤਰਰਾਸ਼ਟਰੀ ਅਤੇ ਘਰੇਲੂ ਮੈਚਾਂ ਲਈ ਬੀਸੀਸੀਆਈ ਦੇ ਪ੍ਰਸਾਰਣ ਅਧਿਕਾਰ ਇਸ ਸਮੇਂ ਸਟਾਰ ਸਪੋਰਟਸ ਦੇ ਕੋਲ ਹਨ ਜੋ ਟੈਸਟ, ਵਨਡੇ ਅਤੇ ਟੀ-20 ਮੈਚਾਂ ਲਈ ਹਰ ਇੱਕ ਮੈਚ ਦਾ 43.2 ਕਰੋੜ ਰੁਪਏ ਦਾ ਭੁਗਤਾਨ ਕਰਦਾ ਹੈ । ਹਾਲਾਂਕਿ ਸਟਾਰ ਨੇ ਲੁਭਾਵਨੇ ਆਈ.ਪੀ.ਐੱਲ. ਦੇ ਅਧਿਕਾਰ ਹਾਸਲ ਕਰ ਲਏ ਹਨ ਤਾਂ ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਉਹ ਕਿਸੇ ਵੀ ਵਰਗ ਵਿੱਚ ਪਰਵੇਸ਼ ਕਰਨ ਲਈ ਇੱਛਕ ਹੈ ਜਾਂ ਨਹੀਂ । ਦਿਲਚਸਪ ਗੱਲ ਹੈ ਕਿ ਬੀਸੀਸੀਆਈ ਦੇ ਮੌਜੂਦਾ ਸਮੇ ਵਿੱਚ ਸਭ ਤੋਂ ਤਾਕਤਵਰ ਅਧਿਕਾਰੀਆਂ (ਸੀਓਏ ਦੇ ਇਲਾਵਾ) ਵਿੱਚੋਂ ਇੱਕ ਈ-ਨਿਲਾਮੀ ਦੇ ਪੱਖ ਵਿੱਚ ਨਹੀਂ ਹੈ ।