ਖਰਾਬ ਫਾਰਮ ਦੌਰਾਨ ਵਿਨੈ ਦੀ ਸਲਾਹ ਨਾਲ ਮਯੰਕ ਨੂੰ ਮਦਦ ਮਿਲੀ : ਉਥੱਪਾ

10/03/2019 9:41:05 PM

ਕੋਲਕਾਤਾ— ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਰੋਬਿਨ ਉਥੱਪਾ ਦਾ ਮੰਨਣਾ ਹੈ ਕਿ ਜੇਕਰ ਕਰਨਾਟਕ ਦੇ ਸਾਬਕਾ ਕਪਤਾਨ ਆਰ ਵਿਨੈ ਕੁਮਾਰ ਖਰਾਬ ਫਾਰਮ ਨਾਲ ਜੂਝ ਰਹੇ ਮਯੰਕ ਅਗਰਵਾਲ ਨੂੰ ਵਧੀਆ ਸਲਾਹ ਨਹੀਂ ਦਿੰਦੇ ਤਾਂ ਸ਼ਾਇਦ ਕ੍ਰਿਕਟ ਜਗਤ ਨੂੰ ਉਸਦੀ ਸ਼ਾਨਦਾਰ ਬੱਲੇਬਾਜ਼ੀ ਦੇਖਣ ਨੂੰ ਨਹੀਂ ਮਿਲਦੀ। ਅਗਰਵਾਲ 'ਤੇ ਉਸ ਸਮੇਂ ਕਰਨਾਟਕ ਦੀ ਸੂਬਾ ਟੀਮ ਤੋਂ ਵੀ ਬਾਹਰ ਹੋਣ ਦਾ ਖਤਰਾ ਮੰਡਰਾ ਰਿਹਾ ਸੀ।


ਅਗਰਵਾਲ ਵੀਰਵਾਰ ਨੂੰ ਆਪਣੇ ਪਹਿਲੇ ਹੀ ਟੈਸਟ ਸੈਂਕੜੇ ਨੂੰ ਦੋਹਰੇ ਸੈਂਕੜੇ 'ਚ ਬਦਲਣ ਵਾਲੇ ਸਿਰਫ ਚੌਥੇ ਭਾਰਤੀ ਬੱਲੇਬਾਜ਼ ਬਣੇ ਤੇ ਇਸ ਦੇ ਨਾਲ ਹੀ ਟੀਮ ਦੇ ਉਸਦੇ ਸਾਬਕਾ ਸਾਥੀ ਉਥੱਪਾ ਨੇ ਯਾਦ ਕੀਤਾ ਕਿ ਕਿਸ ਤਰ੍ਹਾਂ ਵਿਨੈ ਦੇ ਪ੍ਰੇਰਣਾਦਾਇਕ ਸ਼ਬਦਾਂ ਨਾਲ ਇਸ ਸਲਾਮੀ ਬੱਲੇਬਾਜ਼ ਦੇ ਪ੍ਰਦਰਸ਼ਨ 'ਚ ਸੁਧਾਰ ਹੋਇਆ। ਉਥੱਪਾ ਨੇ ਕਿਹਾ ਮੈਨੂੰ ਯਾਦ ਹੈ ਕਿ ਅਸੀਂ ਉਸ ਨੂੰ ਰਣਜੀ ਮੈਚ ਤੋਂ ਬਾਹਰ ਕਰਨ 'ਤੇ ਵਿਚਾਰ ਕਰ ਰਹੇ ਸੀ ਪਰ ਜਦੋਂ (ਕਪਤਾਨ) ਆਰ ਵਿਨੈ ਕੁਮਾਰ ਨੇ ਉਸ ਨੂੰ ਪ੍ਰੇਰਣਾਦਾਇਕ ਸ਼ਬਦ ਕਹੇ ਤਾਂ ਉਸ ਨੇ ਤਿਹਰਾ ਸੈਂਕੜਾ ਲਗਾਇਆ ਤੇ ਫਿਰ ਮੁੜ ਕੇ ਨਹੀਂ ਦੇਖਿਆ। ਅਗਰਵਾਲ ਨੇ ਫਸਟ ਕਲਾਸ ਕ੍ਰਿਕਟ 'ਚ ਆਪਣਾ ਪਹਿਲਾ ਤਿਹਰਾ ਸੈਂਕੜਾ ਲਗਾਉਂਦੇ ਹੋਏ ਮਹਾਰਾਸ਼ਟਰ ਵਿਰੁੱਧ ਪੁਣੇ 'ਚ ਅਜੇਤੂ 304 ਦੌੜਾਂ ਦੀ ਪਾਰੀ ਖੇਡੀ ਜਿਸ ਨਾਲ ਟੀਮ ਨੇ ਪਾਰੀ ਤੇ 136 ਦੌੜਾਂ ਨਾਲ ਜਿੱਤ ਦਰਜ ਕੀਤੀ। ਅਗਰਵਾਲ ਨੇ ਵਿਸ਼ਾਖਾਪਟਨਮ 'ਚ ਦੱਖਣੀ ਅਫਰੀਕਾ ਵਿਰੁੱਧ ਪਹਿਲੇ ਟੈਸਟ 'ਚ 215 ਦੌੜਾਂ ਬਣਾਈਆਂ ਜਿਸ ਨਾਲ ਭਾਰਤ ਨੇ ਪਹਿਲੀ ਪਾਰੀ 'ਚ 7 ਵਿਕਟਾਂ 'ਤੇ 502 ਦੌੜਾਂ ਬਣਾ ਕੇ ਐਲਾਨ ਕੀਤਾ।

Gurdeep Singh

This news is Content Editor Gurdeep Singh