ਅਗਲਾ ਸਾਲ ਮੇਰੇ ਲਈ ਹੋਵੇਗਾ ਬਿਹਤਰ, ਕਰਾਂਗਾ ਮਜ਼ਬੂਤ ਵਾਪਸੀ : ਗੌੜਾ

07/07/2017 5:57:24 PM

ਭੁਵਨੇਸ਼ਵਰ— ਚੋਟੀ ਭਾਰਤੀ ਡਿਸਕਸ ਥਰੋਅ ਖਿਡਾਰੀ ਵਿਕਾਸ ਗੌੜਾ ਪਿਛਲੇ ਕੁੱਝ ਸਾਲਾਂ ਤੋਂ ਫਾਰਮ ਅਤੇ ਫਿੱਟਨੈਸ ਨਾਲ ਜੂਝ ਰਹੇ ਹਨ ਪਰ ਉਨ੍ਹਾਂ ਨੇ ਅਗਲੇ ਸਾਲ ਆਪਣੀ ਸਰਵਸ਼੍ਰੇਸ਼ਠ ਫਾਰਮ 'ਚ ਵਾਪਸੀ ਦੀ ਉਮੀਦ ਜਤਾਈ ਹੈ। ਗੌੜਾ 2 ਦਿਨ ਪਹਿਲਾਂ ਹੀ 34 ਸਾਲ ਦੇ ਹੋ ਗਏ। ਉਨ੍ਹਾਂ ਨੇ ਕੱਲ੍ਹ ਏਸ਼ੀਆਈ ਚੈਂਪੀਅਨਸ਼ਿਪ 'ਚ 60.81 ਮੀਟਰ ਦੀ ਕੋਸ਼ਿਸ਼ ਨਾਲ ਕਾਂਸੀ ਤਮਗਾ ਆਪਣੇ ਨਾਂ ਕੀਤਾ, ਜੋ ਉਨ੍ਹਾਂ ਦੇ ਖੁੱਦ ਦੇ ਸਰਵਸ਼੍ਰੇਸ਼ਠ ਪ੍ਰਦਰਸ਼ਨ ਤੋਂ ਕਾਫੀ ਹੇਠਾ ਸੀ। ਸਾਲ 2004 ਤੋਂ ਬਾਅਦ ਉਨ੍ਹਾਂ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ 64 ਮੀਟਰ ਤੋਂ 'ਤੇ ਹੋ ਰਿਹਾ ਹੈ ਪਰ ਪਿਛਲੇ ਸਾਲ ਤੋਂ ਬਾਅਦ ਉਨ੍ਹਾਂ ਲਈ 60 ਮੀਟਰ ਦੀ ਦੂਰੀ ਪਾਰ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ।
ਗੌੜਾ ਨੇ ਕਿਹਾ ਕਿ ਆਪਣੇ ਕਰੀਅਰ ਦੇ ਦੂਜੇ ਹਿੱਸੇ ਲਈ ਮੈਂ ਬਹੁਤ ਉਚੇ ਮਿਆਰ ਬਣਾਏ ਸੀ ਪਰ ਪਿਛਲੇ 3 ਸਾਲ ਮੇਰੇ ਲਈ ਕਾਫੀ ਮੁਸ਼ਕਿਲ ਰਹੇ ਕਿਉਂਕਿ ਇਸ ਦੌਰਾਨ ਮੈਨੂੰ ਕਾਫੀ ਸੱਟਾਂ ਲੱਗੀਆਂ। ਮੈਂ ਬਿਹਤਰ ਮਹਿਸੂਸ ਕਰ ਰਿਹਾ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਲਗਾਤਾਰ 5 ਤੋਂ 6 ਮਹੀਨੇ ਤੱਕ ਟ੍ਰੇਨਿੰਗ ਕਰਨ ਨਾਲ ਮੇਰਾ ਸਰੀਰ ਉਥੇ ਪਹੁੰਚ ਜਾਵੇਗਾ ਜਿੱਥੇ ਮੈਂ ਪਹਿਲਾ ਸੀ।
ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਗਲਾ ਸਾਲ ਮੇਰੇ ਲਈ ਬਿਹਤਰ ਹੋਵੇਗਾ। ਇਸ 'ਚ ਰਾਸ਼ਟਰਮੰਡਲ ਖੇਡ ਅਤੇ ਏਸ਼ੀਆਈ ਖੇਡ ਵੀ ਹੈ। ਮੈਨੂੰ ਇਸ ਟੂਰਨਾਮੈਂਟ 'ਚ ਚੰਗਾ ਪ੍ਰਦਰਸ਼ਨ ਕਰਨ ਦੀ ਉਮੀਦ ਹੈ। ਅਮਰੀਕਾ 'ਚ ਵਸੇ ਗੌੜਾ ਨੂੰ ਰਿਓ ਓਲੰਪਿਕ ਤੋਂ ਤੁਰੰਤ ਪਹਿਲਾ ਗੋਡੇ ਦੀ ਸੱਟ ਲੱਗ ਗਈ ਸੀ ਅਤੇ ਉਹ ਕੁਆਲੀਫਾਈ ਦੌਰ 'ਚ 58.99 ਮੀਟਰ ਦੇ ਸਰਵਸ਼੍ਰੇਸ਼ਠ ਥਰੋਅ ਨਾਲ ਫਾਈਨਲ ਦੌਰ 'ਚ ਪਹੁੰਚਣ 'ਚ ਅਸਫਲ ਰਹੇ ਸੀ।