ਘਰੇਲੂ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ 'ਚ ਅਸ਼ਵਿਨ ਕੋਲੋਂ ਹੋਈ ਗਲਤੀ, ਲੱਗ ਸਕਦਾ ਹੈ ਜੁਰਮਾਨਾ

10/26/2019 12:51:24 PM

ਸਪੋਰਟਸ ਡੈਸਕ— ਵਿਜੇ ਹਜ਼ਾਰੇ ਟਰਾਫੀ ਦਾ ਫਾਈਨਲ ਮੁਕਾਬਲਾ ਖੇਡਣਾ ਅੰਤਰਰਾਸ਼ਟਰੀ ਖਿਡਾਰੀ ਆਰ. ਅਸ਼ਵਿਨ ਲਈ ਮੁਸੀਬਤ ਬਣ ਗਿਆ। ਕਰਨਾਟਕ ਖਿਲਾਫ ਇੱਥੇ ਖੇਡੇ ਗਏ ਫਾਈਨਲ 'ਚ ਅਸ਼ਵਿਨ ਤਾਮਿਲਨਾਡੂ ਵਲੋਂ ਖੇਡੇ, ਪਰ ਇਸ ਦੌਰਾਨ ਉਨ੍ਹਾਂ ਕੋਲੋ ਅਜਿਹੀ ਗਲਤੀ ਹੋ ਗਈ ਕਿ ਹੁਣ ਉਨ੍ਹਾਂ 'ਤੇ ਕਾਰਵਾਈ ਦੀ ਤਲਵਾਰ ਲਟਕ ਰਹੀ ਹੈ ਅਤੇ ਇਸ ਗਲਤੀ ਲਈ ਭਾਰੀ ਜੁਰਮਾਨਾ ਵੀ ਹੋ ਸਕਦਾ ਹੈ।

ਘਰੇਲੂ ਮੈਚ 'ਚ ਨੈਸ਼ਨਲ ਟੀਮ ਦਾ ਲੋਗੋ ਲੱਗਾ ਹੈਲਮੇਟ ਪਾ ਮੈਦਾਨ 'ਤੇ ਉਤਰੇ 
ਦਰਅਸਲ, ਸ਼ੁੱਕਰਵਾਰ ਨੂੰ ਤਾਮਿਲਨਾਡੂ ਅਤੇ ਕਰਨਾਟਕ ਵਿਚਾਲੇ ਵਿਜੇ ਹਜ਼ਾਰੇ ਟਰਾਫੀ ਦਾ ਖਿਤਾਬੀ ਮੁਕਾਬਲਾ ਹੋਇਆ। ਜਿਸ 'ਚ ਮੁਰਲੀ ਵਿਜੇ ਦੇ ਆਊਟ ਹੋ ਕੇ ਪਵੇਲੀਅਨ ਜਾਣ ਤੋਂ ਬਾਅਦ ਆਰ. ਅਸ਼ਵਿਨ ਨੂੰ ਨੰਬਰ ਤਿੰਨ 'ਤੇ ਬੱਲੇਬਾਜ਼ੀ ਕਰਨ ਲਈ ਭੇਜ ਕੇ ਤਾਮਿਲਨਾਡੂ ਟੀਮ ਮੈਨੇਜਮੈਂਟ ਨੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਸੀ, ਹਾਲਾਂਕਿ ਉਹ ਸਿਰਫ 8 ਦੌੜਾਂ ਹੀ ਬਣਾ ਸਕੇ। ਇਸ ਦੌਰਾਨ ਅਸ਼ਵਿਨ ਕੋਲੋਂ ਇਹ ਗਲਤੀ ਹੋ ਗਈ ਕਿ ਉਹ ਬੀ. ਸੀ. ਸੀ. ਆਈ. ਦਾ ਲੋਗੋ ਲੱਗਾ ਹੋਇਆ ਹੈਲਮੇਟ ਪਾ ਕੇ ਘਰੇਲੂ ਮੈਚ 'ਚ ਬੱਲੇਬਾਜ਼ੀ ਕਰਨ ਉਤਰੇ। ਜੋ ਨਿਯਮਾਂ ਦਾ ਵੱਡਾ ਉਲੰਘਣਾ ਹੈ। ਅਜਿਹੇ 'ਚ ਹੁਣ ਅਸ਼ਵਿਨ 'ਤੇ ਇਸ ਗਲਤੀ ਲਈ ਸਖਤ ਕਾਰਵਾਈ ਹੋ ਸਕਦੀ ਹੈ ਅਤੇ ਜੁਰਮਾਨਾ ਵੀ ਲੱਗ ਸਕਦਾ ਹੈ। ਹਾਲਾਂਕਿ ਅਸ਼ਵਿਨ 'ਤੇ ਜੁਰਮਾਨਾ ਲਗਾਉਣ ਦਾ ਫੈਸਲਾ ਮੈਚ ਰੈਫਰੀ ਚਿੰਮਯ ਸ਼ਰਮਾ ਨੂੰ ਕਰਨਾ ਹੈ। ਨਿਯਮਾਂ ਮੁਤਾਬਕ ਅਸ਼ਵਿਨ ਨੇ ਕੱਪੜਿਆਂ ਸੰਬੰਧੀ ਨਿਯਮਾਂ ਨੂੰ ਤੋੜਿਆ ਹੈ, ਇਸ ਲਈ ਉਸ 'ਤੇ ਜੁਰਮਾਨਾ ਲੱਗਣਾ ਤੈਅ ਮੰਨਿਆ ਜਾ ਰਿਹਾ ਹੈ।

ਕੱਪੜਿਆਂ ਨਾਲ ਜੁੜੇ ਨਿਯਮ ਮੁਤਾਬਕ ਜੇਕਰ ਕੋਈ ਖਿਡਾਰੀ ਘਰੇਲੂ ਕ੍ਰਿਕਟ 'ਚ ਨੈਸ਼ਨਲ ਟੀਮ ਵਾਲਾ ਹੈਲਮੇਟ ਪਾਉਣਾ ਚਾਹੁੰਦਾ ਹੈ, ਜਿਸ 'ਤੇ ਬੋਰਡ ਦਾ ਲੋਗੋ ਲੱਗਾ ਹੈ ਤਾਂ ਉਸ ਨੂੰ ਲੋਗੋ ਨੂੰ ਲੁਕਾਉਣਾ ਪੈਂਦਾ ਹੈ। ਲੰਬੇ ਸਮੇਂ ਤੋਂ ਮੈਚ ਅਧਿਕਾਰੀਆਂ ਨੂੰ ਅਤੇ ਖਿਡਾਰੀਆਂ ਨੂੰ ਇਸ ਬਾਰੇ 'ਚ ਦੱਸਿਆ ਜਾ ਰਿਹਾ ਹੈ ਅਤੇ ਇਸ ਦੇ ਬਾਵਜੂਦ ਜੇਕਰ ਕੋਈ ਗਲਤੀ ਕਰਦਾ ਹੈ ਤਾਂ ਉਸ ਖਿਡਾਰੀ 'ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ। ਹਾਲਾਂਕਿ ਇਸ ਫਾਈਨਲ 'ਚ ਮਯੰਕ ਅਗਰਵਾਲ ਵੀ ਨੈਸ਼ਨਲ ਟੀਮ ਦਾ ਹੈਲਮੇਟ ਪਾ ਕੇ ਮੈਦਾਨ 'ਤੇ ਉਤਰੇ ਸਨ, ਪਰ ਉਸ ਨੇ ਲੋਗੋ ਨੂੰ ਟੇਪ ਨਾਲ ਕਵਰ ਕਰ ਰੱਖਿਆ ਸੀ। ਉਥੇ ਹੀ ਕੇ. ਐੱਲ. ਰਾਹੁਲ ਨੇ ਬਿਨਾਂ ਕੋਈ ਲੋਗੋ ਲੱਗਾ ਹੈਲਮੇਟ ਪਾਇਆ ਹੋਇਆ ਸੀ।