ਵਿਦਿਤ ਗੁਜਰਾਤੀ ਨੇ ਜਿੱਤਿਆ ਟਾਟਾ ਸਟੀਲ ਚੈਲੰਜਰ ਖਿਤਾਬ

01/30/2018 8:32:53 AM

ਮੁੰਬਈ, (ਬਿਊਰੋ)— ਭਾਰਤੀ ਗ੍ਰੈਂਡਮਾਸਟਰ ਵਿਦਿਤ ਗੁਜਰਾਤੀ ਨੀਦਰਲੈਂਡ ਦੇ ਵਿਜਕ ਆਨ ਜੀ 'ਚ 12 ਤੋਂ 28 ਜਨਵਰੀ ਤਕ ਚੱਲੇ ਟਾਟਾ ਸਟੀਲ ਸ਼ਤਰੰਜ ਚੈਲੰਜਰਜ਼-2018 ਦਾ ਖਿਤਾਬ ਜਿੱਤਣ 'ਚ ਸਫਲ ਰਿਹਾ।
ਇਥੇ ਜਾਰੀ ਬਿਆਨ ਅਨੁਸਾਰ ਇਸ ਜਿੱਤ ਨਾਲ ਵਿਦਿਤ ਨੇ ਟਾਟਾ ਸਟੀਲ ਮਾਸਟਰਸ-2019 ਲਈ ਵੀ ਕੁਆਲੀਫਾਈ ਕੀਤਾ, ਜਿਸ ਵਿਚ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਸਮੇਤ ਦੁਨੀਆ ਦੇ ਸਰਵਸ੍ਰੇਸ਼ਠ ਸ਼ਤਰੰਜ ਖਿਡਾਰੀ ਹਿੱਸਾ ਲੈਂਦੇ ਹਨ।
ਵਿਦਿਤ ਦੀ ਰੇਟਿੰਗ 2718 ਸੀ ਤੇ ਉਸ ਨੂੰ ਚੋਟੀ ਦਾ ਦਰਜਾ ਮਿਲਿਆ ਸੀ। ਉਸ ਦਾ ਮੁੱਖ ਵਿਰੋਧੀ ਮਿਸਰ ਦਾ ਬਾਸਿਮ ਅਮੀਨ (2693), ਪੋਲੈਂਡ ਦਾ ਮਾਈਕਲ ਕ੍ਰੇਸਨਕੋਵ (2671) ਤੇ ਯੂਕ੍ਰੇਨ ਦਾ ਐਂਟਨ ਕੋਰਬੋਵ (2654) ਸੀ।
ਵਿਦਿਤ ਨੇ ਆਪਣੇ ਦਰਜੇ ਅਨੁਸਾਰ ਸ਼ਾਨਦਾਰ ਖੇਡ ਦਿਖਾਈ ਅਤੇ 5 ਜਿੱਤਾਂ ਤੇ 8 ਡਰਾਅ ਨਾਲ ਅਜੇਤੂ ਰਿਹਾ। ਉਸ ਨੇ 13 'ਚੋਂ 9 ਅੰਕ ਹਾਸਲ ਕਰ ਕੇ ਖਿਤਾਬ ਜਿੱਤਿਆ।
ਵਿਦਿਤ ਤੇ ਯੂਕ੍ਰੇਨ ਦੇ ਉਸ ਦੇ ਵਿਰੋਧੀ ਕੋਰਬੋਵ ਵਿਚਾਲੇ 11ਵੇਂ ਦੌਰ ਤਕ ਸਖਤ ਮੁਕਾਬਲਾ ਸੀ। ਦੋਵੇਂ ਖਿਡਾਰੀ ਉਦੋਂ ਤਕ 7.5 ਅੰਕਾਂ ਨਾਲ ਬਰਾਬਰੀ 'ਤੇ ਸਨ ਪਰ ਵਿਦਿਤ ਨੇ ਆਖਰੀ ਦੋ ਦੌਰ 'ਚ 1.5 ਅੰਕ ਬਣਾਏ, ਜਦਕਿ ਕੋਰਬੋਵ 0.5 ਅੰਕ ਹੀ ਬਣਾ ਸਕਿਆ।