ਪਾਕਿਸਤਾਨ ਦੀ ਰਾਸ਼ਟਰੀ ਟੀਮ ਲਈ ਖੇਡਣਾ ਹੋਇਆ ਬਹੁਤ ਆਸਾਨ : ਅਫ਼ਰੀਦੀ

07/07/2021 1:01:50 PM

ਸਪੋਰਟਸ ਡੈਸਕ : ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ ਦਾ ਮੰਨਣਾ ਹੈ ਕਿ ਰਾਸ਼ਟਰੀ ਟੀਮ ਵੱਲੋਂ ਖੇਡਣਾ ਬਹੁਤ ਆਸਾਨ ਹੋ ਗਿਆ ਹੈ ਅਤੇ ਖਿਡਾਰੀਆਂ ਨੂੰ ਘਰੇਲੂ ਕ੍ਰਿਕਟ ’ਚ ਕੁਝ ਸੈਸ਼ਨ ਬਿਤਾਉਣ ਤੋਂ ਬਾਅਦ ਹੀ ਟੀਮ ਵਿਚ ਚੁਣਿਆ ਜਾਣਾ ਚਾਹੀਦਾ ਹੈ। ਇਕ ਸਮਾਰੋਹ ਦੌਰਾਨ ਅਫ਼ਰੀਦੀ ਨੇ ਟੈਸਟ ਤੇ ਸੀਮਤ ਓਵਰਾਂ ਦੇ ਫਾਰਮੈੱਟ ਲਈ ਰਾਸ਼ਟਰੀ ਟੀਮ ਵਿਚ ਚੋਣ ਦੀ ਨੀਤੀ ’ਤੇ ਨਿਸ਼ਾਨਾ ਵਿੰਨਿ੍ਹਆ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਸੀਮਤ ਓਵਰਾਂ ਦੀ ਪਾਕਿਸਤਾਨ ਦੀ ਟੀਮ ਵਿਚ ਖਿਡਾਰੀਆਂ ਨੂੰ ਬਦਲਣ ਤੇ ਡੈਬਿਊ ਕਰਾਉਣ ਦੀ ਆਲੋਚਨਾ ਕੀਤੀ। ਅਫਰੀਦੀ ਨੇ ਕਿਹਾ ਕਿ ਰਾਸ਼ਟਰੀ ਟੀਮ ਵੱਲੋਂ ਖੇਡਣਾ ਆਸਾਨ ਹੋ ਗਿਆ ਹੈ, ਜਦਕਿ ਪਹਿਲਾਂ ਪਾਕਿਸਤਾਨ ਟੀਮ ਵੱਲੋਂ ਖੇਡਣਾ ਕਿਸੇ ਵੀ ਪੇਸ਼ੇਵਰ ਕ੍ਰਿਕਟਰ ਦਾ ਸਭ ਤੋਂ ਵੱਡਾ ਟੀਚਾ ਹੁੰਦਾ ਸੀ। ਅਫ਼ਰੀਦੀ ਨੇ ਕਿਹਾ ਕਿ ਪਾਕਿਸਤਾਨ ਟੀਮ ਵਿਚ ਜਗ੍ਹਾ ਬਣਾਉਣਾ ਇੰਨਾ ਆਸਾਨ ਹੋ ਗਿਆ ਹੈ ਕਿ ਘਰੇਲੂ ਕ੍ਰਿਕਟ ਵਿਚ ਬਹੁਤ ਘੱਟ ਤਜਰਬੇ ਵਾਲੇ ਖਿਡਾਰੀਆਂ ਨੂੰ ਜਲਦਬਾਜ਼ੀ ਵਿਚ ਟੀਮ ’ਚ ਸ਼ਾਮਲ ਕੀਤਾ ਜਾਂਦਾ ਹੈ ਤੇ ਫਿਰ ਬਾਹਰ ਕੱਢ ਦਿੱਤਾ ਜਾਂਦਾ ਹੈ।

ਇਸ ਆਲਰਾਊਂਡਰ ਦਾ ਮੰਨਣਾ ਹੈ ਕਿ ਰਾਸ਼ਟਰੀ ਟੀਮ ਵਿਚ ਚੋਣ ਲਈ ਨਾਂ ’ਤੇ ਵਿਚਾਰ ਤੋਂ ਪਹਿਲਾਂ ਹਰ ਖਿਡਾਰੀ ਨੂੰ ਘਰੇਲੂ ਟੀਮ ਵਿਚ ਘੱਟ ਤੋਂ ਘੱਟ ਦੋ ਜਾਂ ਤਿੰਨ ਸਾਲ ਖੇਡਣ ਦਾ ਤਜਰਬਾ ਦੇਣਾ ਚਾਹੀਦਾ ਹੈ। ਅਫ਼ਰੀਦੀ ਨੇ ਕਿਹਾ ਕਿ ਅਸੀਂ ਖਿਡਾਰੀਆਂ ਲਈ ਦੇਸ਼ ਦੀ ਅਗਵਾਈ ਕਰਨਾ ਇੰਨਾ ਆਸਾਨ ਕਿਉਂ ਬਣਾ ਦਿੱਤਾ ਹੈ। ਮੈਨੂੰ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਘਰੇਲੂ ਕ੍ਰਿਕਟ ਜਾਂ ਫਿਰ ਪਾਕਿਸਤਾਨ ਸੁਪਰ ਲੀਗ ਵਿਚ ਇਕ ਜਾਂ ਦੋ ਮੈਚਾਂ ’ਚ ਵਧੀਆ ਪ੍ਰਦਰਸ਼ਨ ਤੋਂ ਬਾਅਦ ਖਿਡਾਰੀ ਨੂੰ ਰਾਸ਼ਟਰੀ ਟੀਮ ਵਿਚ ਜਗ੍ਹਾ ਮਿਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਕੀ ਹੈ। ਤੁਹਾਨੂੰ ਆਪਣੇ ਕ੍ਰਿਕਟਰਾਂ ਨੂੰ ਘਰੇਲੂ ਕ੍ਰਿਕਟ ਵਿਚ ਖਿਡਾਉਣਾ ਚਾਹੀਦਾ ਹੈ। ਅਫ਼ਰੀਦੀ ਨੇ ਕਿਹਾ ਕਿ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਨੂੰ ਘੱਟ ਤੋਂ ਘੱਟ ਦੋ ਤੋਂ ਤਿੰਨ ਸਾਲ ਦਾ ਤਜਰਬਾ ਦੇਣਾ ਚਾਹੀਦਾ ਹੈ ਤੇ ਇਸ ਤੋਂ ਬਾਅਦ ਹੀ ਚੋਣਕਾਰਾਂ ਨੂੰ ਉਸ ਦੀ ਪ੍ਰਤਿਭਾ, ਧੀਰਜ ਤੇ ਦਬਾਅ ਝੱਲਣ ਦੀ ਸਮਰੱਥਾ ਉਤੇ ਫ਼ੈਸਲਾ ਕਰਨਾ ਚਾਹੀਦਾ ਹੈ।

Manoj

This news is Content Editor Manoj