T-20 WC ''ਚ ਐਕਸ ਫੈਕਟਰ ਸਾਬਤ ਹੋਣਗੇ ਵਰੁਣ ਚੱਕਰਵਰਤੀ : ਸਾਬਕਾ ਭਾਰਤੀ ਕ੍ਰਿਕਟਰ

09/21/2021 3:38:18 PM

ਸਪੋਰਟਸ ਡੈਸਕ- ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਖ਼ਿਲਾਫ਼ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੇ ਖਿਡਾਰੀ ਵਰੁਣ ਚੱਕਰਵਰਤੀ ਸਿਤਾਰੇ ਵਾਂਗ ਉੱਭਰ ਕੇ ਸਾਹਮਣੇ ਆਏ। ਉਨ੍ਹਾਂ ਨੇ 4 ਓਵਰ 'ਚ ਸਿਰਫ਼ 13 ਦੌੜਾਂ ਦੇ ਕੇ 3 ਵਿਕਟਾਂ ਆਪਣੇ ਨਾਂ ਕੀਤੀਆਂ ਜਿਸ 'ਚ ਗਲੇਨ ਮੈਕਸਵੇਲ ਤੇ ਕਾਈਲ ਜੈਮੀਸਨ ਦੀਆਂ ਮੁੱਖ ਵਿਕਟਾਂ ਸ਼ਾਮਲ ਸਨ। ਉਨ੍ਹਾਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਸਾਬਕਾ ਭਾਰਤੀ ਕ੍ਰਿਕਟਰ ਇਰਫ਼ਾਨ ਪਠਾਨ ਨੇ ਚੱਕਰਵਰਤੀ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਟੀ-20 ਵਰਲਡ ਕੱਪ 'ਚ ਉਹ ਐਕਸ ਫੈਕਟਰ ਸਾਬਤ ਹੋਣਗੇ।

ਪਠਾਨ ਨੇ ਇਕ ਚੈਟ ਸ਼ੋਅ ਦੇ ਦੌਰਾਨ ਕਿਹਾ ਕਿ ਉਹ ਬਹੁਤ ਵੱਡਾ ਐਕਸਫੈਕਟਰ ਸਾਬਤ ਹੋ ਸਕਦਾ ਹੈ। ਤੁਸੀਂ ਉਸ ਨੂੰ ਕੌਮਾਂਤਰੀ ਕ੍ਰਿਕਟ 'ਚ ਨਹੀਂ ਦੇਖਿਆ ਹੈ, ਤੁਸੀਂ ਉਸ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਜ਼ਰੂਰ ਖੇਡਦੇ ਹੋਏ ਦੇਖਿਆ ਹੈ ਪਰ ਆਈ. ਪੀ. ਐੱਲ. 'ਚ ਗਤੀਸ਼ੀਲਤਾ ਥੋੜ੍ਹੀ ਅਲਗ ਹੈ। ਜਦੋਂ ਤੁਸੀਂ ਉਸ ਨੂੰ ਆਈ. ਪੀ. ਐੱਲ. ਖੇਡਣ ਦੇ ਬਾਅਦ ਵਰਲਡ ਕੱਪ 'ਚ ਖੇਡਦੇ ਦੇਖੋਗੇ ਤਾਂ ਉਦੋਂ ਇਹ ਅਲਗ ਹੋਵੇਗਾ, ਵਿਸ਼ਵ ਕੱਪ ਦਾ ਦਬਾਅ ਵੱਖ ਹੋਵੇਗਾ।

ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ 2011 ਵਰਲਡ ਕੱਪ ਯਾਦ ਹੈ ਤਾਂ ਜ਼ਹੀਰ ਖ਼ਾਨ ਨੇ ਨਾਕਬਾਲ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਸੀ ਤੇ ਉਸ ਤੋਂ ਪਹਿਲਾਂ ਨਹੀਂ। ਉਹ ਇਕ ਸਰਪ੍ਰਾਈਜ਼ ਡਿਲੀਵਰੀ ਸੀ। ਇਸ ਲਈ ਜਦੋਂ ਤੁਸੀਂ ਕੋਈ ਨਵੀਂ ਚੀਜ਼ ਜਾਂ ਗੇਂਦਬਾਜ਼ ਖਿਡਾਉਂਦੇ ਹੋ ਤਾਂ ਸਰਪ੍ਰਾਈਜ਼ ਫੈਕਟਰ ਯਕੀਨੀ ਤੌਰ 'ਤੇ ਫ਼ਾਇਦੇਮੰਦ ਹੁੰਦਾ ਹੈ। ਵਰੁਣ ਚੱਕਰਵਰਤੀ ਲਈ ਵੀ ਕੁਝ ਅਜਿਹਾ ਹੀ ਹੋ ਸਕਦਾ ਹੈ।

ਦੂਜੇ ਪਾਸੇ ਆਕਾਸ਼ ਚੋਪੜਾ ਵੀ ਚੱਕਰਵਰਤੀ 'ਤੇ ਬੋਲੇ ਤੇ ਕਿਹਾ ਕਿ ਵਰਤਮਾਨ 'ਚ ਸੰਯੁਕਤ ਅਰਬ ਅਮੀਰਾਤ (ਯੂ. ਏ .ਈ.) 'ਚ ਪਿੱਚਾਂ ਉਸ ਲਈ ਮਦਦਗਾਰ ਹੈ ਕਿਉਂਕਿ ਗੇਂਦ ਪਿੱਚ 'ਤੇ ਡਿੱਗਣ ਦੇ ਬਾਅਦ ਫ਼ਿਸਲ ਰਹੀ ਹੈ ਤੇ ਤੁਹਾਨੂੰ ਘੱਟ ਸਮਾਂ ਮਿਲ ਰਿਹਾ ਹੈ। ਜੇਕਰ ਤੁਸੀਂ ਹੱਥ ਨਾਲ ਨਹੀਂ ਪੜ੍ਹਦੇ ਤਾਂ ਤੁਸੀਂ ਪਿੱਚ ਤੋਂ ਸੁਰਾਗ਼ ਕੱਢਣ ਦੀ ਕੋਸ਼ਿਸ਼ ਕਰਦੇ ਹੋ ਜੋ ਤੁਹਾਨੂੰ ਇੱਥੇ ਨਹੀਂ ਮਿਲਣ ਵਾਲਾ। ਉਨ੍ਹਾਂ ਅੱਗੇ ਕਿਹਾ, ਪਿਛਲੀ ਵਾਰ ਵੀ ਯੂ. ਏ. ਈ. 'ਚ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਸੀ ਜਿਸ ਦੀ ਵਜ੍ਹਾ ਨਾਲ ਉਨ੍ਹਾਂ ਦਾ ਨਾਂ ਭਾਰਤੀ ਟੀਮ 'ਚ ਆਇਆ ਸੀ। 

Tarsem Singh

This news is Content Editor Tarsem Singh