ਉਸੈਨ ਬੋਲਟ ਨੂੰ ਲੱਗਾ ਕਰੋੜਾਂ ਦਾ ਚੂਨਾ, ਕਿਹਾ- ਬਜ਼ੁਰਗ ਮਾਤਾ-ਪਿਤਾ ਤੇ ਤਿੰਨ ਬੱਚੇ ਹਨ ਮੇਰੇ 'ਤੇ ਨਿਰਭਰ

01/28/2023 2:46:37 PM

ਸਪੋਰਟਸ ਡੈਸਕ : ਜਮੈਕਾ ਦੇ ਫਰਾਟਾ ਦੌੜਾਕ ਉਸੈਨ ਬੋਲਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਇਸ ਗੱਲ ਨੂੰ ਲੈ ਕੇ ਹੈਰਾਨ ਹਨ ਕਿ ਉਨ੍ਹਾਂ ਦੇ ਇਕ ਕਰੋੜ 27 ਲੱਖ ਡਾਲਰ (22 ਕਰੋੜ ਰੁਪਏ) ਇਕ ਨਿੱਜੀ ਨਿਵੇਸ਼ ਕੰਪਨੀ ਤੋਂ ਕਿਵੇਂ ਗਾਇਬ ਹੋ ਗਏ। ਇਹ ਕੇਸ ਜਮਾਇਕਾ ਵਿੱਚ ਇੱਕ ਦਹਾਕੇ ਪੁਰਾਣੇ ਧੋਖਾਧੜੀ ਦੇ ਮਾਮਲਿਆਂ ਨਾਲ ਸਬੰਧਤ ਹੈ। ਧੋਖਾਧੜੀ ਦੇ ਇਨ੍ਹਾਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। 

ਬੋਲਟ ਨੇ ਇਹ ਵੀ ਕਿਹਾ ਕਿ ਉਸ ਨੇ ਆਪਣੇ ਕਾਰੋਬਾਰੀ ਮੈਨੇਜਰ ਨੂੰ ਬਰਖਾਸਤ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਆਪਸੀ ਸਹਿਮਤੀ ਨਾਲ ਵੱਖ ਨਹੀਂ ਹੋਏ ਹਨ। ਜਦੋਂ ਬੋਲਟ ਤੋਂ ਇਹ ਪੁੱਛਿਆ ਗਿਆ ਕਿ ਕੀ ਉਹ ਧੋਖਾਧੜੀ ਨਾਲ ਟੁੱਟ ਗਿਆ ਸੀ ਤਾਂ ਬੋਲਟ ਹੱਸ ਪਿਆ। ਉਸਨੇ ਕਿਹਾ, “ਮੈਂ ਟੁੱਟਿਆ ਨਹੀਂ ਹਾਂ ਪਰ ਯਕੀਨਨ ਮੈਨੂੰ ਬਹੁਤ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ : ਆਸਟ੍ਰੇਲੀਅਨ ਓਪਨ :  ਜੋਕੋਵਿਚ ਤੇ ਸਿਤਸਿਪਾਸ ਦਰਮਿਆਨ ਹੋਵੇਗਾ ਖ਼ਿਤਾਬੀ ਮੁਕਾਬਲਾ

ਬੋਲਟ ਨੇ ਅੱਗੇ ਕਿਹਾ ਕਿ ਇਹ ਪੈਸਾ ਮੇਰੇ ਭਵਿੱਖ ਲਈ ਸੀ। ਹਰ ਕੋਈ ਜਾਣਦਾ ਹੈ ਕਿ ਮੇਰੇ ਤਿੰਨ ਬੱਚੇ ਹਨ ਅਤੇ ਮੈਂ ਆਪਣੇ ਮਾਤਾ-ਪਿਤਾ ਦੀ ਦੇਖਭਾਲ ਵੀ ਕਰਦਾ ਹਾਂ ਅਤੇ ਮੈਂ ਅਜੇ ਵੀ ਚੰਗੀ ਜ਼ਿੰਦਗੀ ਜੀਉਣਾ ਚਾਹੁੰਦਾ ਹਾਂ। ਬੋਲਟ ਦੇ ਵਕੀਲ ਨੇ ਕਿਹਾ ਕਿ ਐਥਲੀਟ ਨੇ ਕਿੰਗਸਟਨ ਸਥਿਤ ਸਟਾਕਸ ਐਂਡ ਸਕਿਓਰਿਟੀਜ਼ ਲਿਮਟਿਡ 'ਚ ਲਗਭਗ 1 ਕਰੋੜ 28 ਲੱਖ ਡਾਲਰ ਜਮ੍ਹਾ ਕਰਵਾਏ ਸਨ, ਜੋ ਹੁਣ ਘੱਟ ਕੇ 12,000 ਡਾਲਰ ਰਹਿ ਗਏ ਹਨ। 

ਉਸ ਨੇ ਕੰਪਨੀ ਨੂੰ ਪੈਸੇ ਵਾਪਸ ਕਰਨ ਜਾਂ ਸਿਵਲ ਅਤੇ ਫੌਜਦਾਰੀ ਕਾਰਵਾਈ ਦਾ ਸਾਹਮਣਾ ਕਰਨ ਲਈ ਸ਼ੁੱਕਰਵਾਰ ਤੱਕ ਦਾ ਸਮਾਂ ਦਿੱਤਾ ਸੀ। ਇਹ ਸਪੱਸ਼ਟ ਨਹੀਂ ਸੀ ਕਿ ਸ਼ੁੱਕਰਵਾਰ ਰਾਤ ਨੂੰ ਕੋਈ ਕਾਰਵਾਈ ਕੀਤੀ ਗਈ ਸੀ ਜਾਂ ਨਹੀਂ। ਇਸ ਬਾਰੇ ਜਦੋਂ ਬੋਲਟ ਦੇ ਵਕੀਲ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਨੋਟ : ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh