ਅੰਡਰ-19 ਟੀਮ ਦੇ ਇਸ ਖਿਡਾਰੀ ਨੇ ਰਚਿਆ ਆਈ.ਪੀ.ਐੱਲ. ''ਚ ਨਵਾਂ ਇਤਿਹਾਸ

05/04/2018 12:19:52 PM

ਨਵੀਂ ਦਿੱਲੀ—ਅੰਡਰ 19 ਵਰਲਡ ਕੱਪ ਸਟਾਰ ਸ਼ੁਭਮਾਨ ਗਿੱਲ (57) ਅਤੇ ਕਪਤਾਨ ਦਿਨੇਸ਼ ਕਾਰਤਿਕ (45) ਦੀਆਂ ਪਾਰੀਆਂ ਚੇਨਈ ਸੁਪਰ ਕਿੰਗਜ਼ 'ਤੇ ਭਾਰੀ ਪੈ ਗਈਆਂ। ਇਨ੍ਹਾਂ ਦੋਨਾਂ ਦੇ ਦਮ 'ਤੇ ਕੋਲਕਾਤਾ ਨਾਈਟ ਰਾਇਡਰਜ਼ ਨੇ ਆਈ.ਪੀ.ਐੱਲ. ਦੇ 11ਵੇਂ ਸੀਜ਼ਨ ਦੇ 33ਵੇਂ ਮੈਚ 'ਚ ਚੇਨਈ 'ਤੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ।

ਵੀਰਵਾਰ ਨੂੰ ਈਡਨ ਗਾਰਡਨ 'ਚ ਖੇਡੇ ਗਏ ਇਸ ਮੈਚ 'ਚ ਚੇਨਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 177/5 ਦੋੜਾਂ ਬਣਾਈਆਂ। ਮੇਜ਼ਬਾਨ ਕੋਲਕਾਤਾ ਨੇ ਇਸ ਟੀਚੇ ਨੂੰ 14 ਗੇਂਦਾਂ ਬਾਕੀ ਰਹਿੰਦੇ ਹੀ ਹਾਸਲ ਕਰ ਲਿਆ। 18 ਸਾਲ ਦੇ ਸ਼ੁਭਮਾਨ ਨੇ ਆਪਣੀ ਅਰਧ ਸੈਂਕੜੇ ਦੀ ਪਾਰੀ 'ਚ 36 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਛੈ ਚੌਕਿਆਂ ਦੇ ਇਲਾਵਾ ਦੋ ਛੱਕੇ ਲਗਾਏ।

ਇਸਦੇ ਨਾਲ ਹੀ ਸ਼ੁਭਮਾਨ ਗਿੱਲ ਆਈ.ਪੀ.ਐੱਲ. 'ਚ ਚੌਥੇ ਨੰਬਰ ਬੱਲੇਬਾਜ਼ੀ ਕਰਦੇ ਹੋਏ ਸਭ ਤੋਂ ਘੱਟ ਉਮਰ 'ਚ ਅਰਧ ਸੈਂਕੜਾ ਬਣਾਉਣ ਵਾਲੇ ਬੱਲੇਬਾਜ਼ ਬਣ ਗਏ। 18 ਸਾਲ 237 ਦਿਨ ਦੀ ਉਮਰ 'ਚ ਸ਼ੁਭਮਾਨ ਨੇ ਇਹ ਅਨੌਖਾ ਰਿਕਾਰਡ ਆਪਣੇ ਨਾਮ ਕੀਤਾ। ਫਾਜ਼ਿਲਕਾ (ਪੰਜਾਬ) ਦੇ ਸ਼ੁਭਮਾਨ ਗਿੱਲ ਨੇ ਇਸੇ ਸਾਲ ਫਰਵਰੀ 'ਚ ਆਪਣੀ ਜ਼ਬਰਦਸਤ ਬੱਲੇਬਾਜ਼ੀ ਦੀ ਬਦੌਲਤ ਭਾਰਤ ਨੂੰ ਅੰਡਰ-19 ਵਰਲਡ ਕੱਪ ਦਾ ਚੈਂਪੀਅਨ ਬਣਾਇਆ ਸੀ। ਨਿਊਜ਼ੀਲੈਂਡ 'ਚ ਖੇਡੇ ਗਏ ਵਰਲਡ ਕੱਪ ਦੌਰਾਨ ਸ਼ੁਭਮਾਨ ਨੇ 124 ਦੀ ਔਸਤ ਨਾਲ 372 ਦੌੜਾਂ ਬਣਾ ਕੇ ਧੂਮ ਮਚਾ ਦਿੱਤੀ ਸੀ। ਆਈ.ਪੀ.ਐੱਲ. ਫ੍ਰੈਂਚਾਇਜ਼ੀ ਕੋਲਕਾਤਾ ਨਾਈਟ ਰਾਇਡਰਜ਼ ਨੇ 1.80 ਲੱਖ ਰੁਪਏ ਖਰਚ ਕਰ ਸ਼ੁਭਮਾਨ ਨੂੰ ਆਪਣੀ ਟੀਮ 'ਚ ਮੌਕਾ ਦਿੱਤਾ।