ਉਦੈ ਤੇ ਮੈਨੂੰ ਭਰੋਸਾ ਸੀ ਕਿ ਅਸੀਂ ਜਿੱਤਾਂਗੇ : ਸਚਿਨ ਧਾਸ

02/08/2024 11:38:40 AM

ਬੇਨੋਨੀ, (ਭਾਸ਼ਾ)– ਦੱਖਣੀ ਅਫਰੀਕਾ ਵਿਰੁੱਧ ਅੰਡਰ-19 ਵਿਸ਼ਵ ਕੱਪ ਸੈਮੀਫਾਈਨਲ ਵਿਚ 96 ਦੌੜਾਂ ਦੀ ਪਾਰੀ ਖੇਡਣ ਵਾਲੇ ਹਮਲਾਵਰ ਬੱਲੇਬਾਜ਼ ਸਚਿਨ ਧਾਸ ਨੇ ਕਿਹਾ ਕਿ  245 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 32 ਦੌੜਾਂ ’ਤੇ 4 ਵਿਕਟਾਂ ਗੁਆਉਣ ਦੇ ਬਾਵਜੂਦ ਉਸ ਨੇ ਤੇ ਕਪਤਾਨ ਉਦੈ ਸਹਾਰਨ ਨੇ ਕਦੇ ਭਰੋਸਾ ਨਹੀਂ ਛੱਡਿਆ। ਭਾਰਤ ਨੇ ਮੰਗਲਵਾਰ ਨੂੰ ਦੱਖਣੀ ਅਫਰੀਕਾ ’ਤੇ ਰੋਮਾਂਚਕ ਜਿੱਤ ਨਾਲ 9ਵੀਂ ਵਾਰ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ। 

ਸਚਿਨ ਨੇ 95 ਗੇਂਦਾਂ ਵਿਚ 96 ਦੌੜਾਂ ਦੀ ਪਾਰੀ ਖੇਡੀ ਜਦਕਿ ਉਦੈ ਨੇ 124 ਗੇਂਦਾਂ ’ਚ 81 ਦੌੜਾਂ ਬਣਾ ਕੇ ਭਾਰਤ ਨੂੰ ਇਸ ਮੁਸ਼ਕਿਲ ਸਥਿਤੀ ਤੋਂ ਉਭਰਨ ਵਿਚ ਮਦਦ ਕੀਤੀ। ਸਚਿਨ ਨੇ ਮੈਚ ਤੋਂ ਬਾਅਦ ਇੱਥੇ ਕਿਹਾ,‘‘ਸਾਡੀ ਯੋਜਨਾ ਅੰਤ ਤਕ ਬੱਲੇਬਾਜ਼ੀ ਕਰਨ ਦੀ ਸੀ। ਸਾਨੂੰ ਪੂਰਾ ਭਰੋਸਾ ਸੀ ਕਿ ਅਸੀਂ ਜਿੱਤ ਤਕ ਪਹੁੰਚ ਸਕਦੇ ਹਾਂ ਪਰ ਅਸੀਂ ਕ੍ਰੀਜ਼ ’ਤੇ ਡਟੇ ਨਹੀਂ ਰਹਿ ਸਕੇ, ਕੋਈ ਗੱਲ ਨਹੀਂ ਪਰ ਅਸੀਂ ਮੈਚ ਜਿੱਤਿਆ ਤੇ ਇਹ ਹੀ ਮਾਇਨੇ ਰੱਖਦਾ ਹੈ। ਮੈਂ ਉਦੈ ਨੂੰ ਦੱਸ ਰਿਹਾ ਸੀ ਕਿ ਅਸੀਂ ਅੰਤ ਤਕ ਖੇਡਾਂਗੇ।’’ਉਸ ਨੇ ਕਿਹਾ,‘‘ਸਾਨੂੰ ਲੱਗਾ ਕਿ ਅਸੀਂ ਸਮਾਂ ਲੈ ਕੇ ਆਪਣੀ ਪਾਰੀ ਨੂੰ ਅੱਗੇ ਵਧਾਵਾਂਗੇ ਤੇ ਵਿਰੋਧੀ ਦੇ ਗੇਂਦਬਾਜ਼ੀ ਹਮਲੇ ਨੂੰ ਸਮਝਾਂਗੇ। 

ਸਾਡੇ ਵਿਚਾਲੇ ਜਿਹੜੀ ਗੱਲਬਾਤ ਹੋਈ, ਉਹ ਲੰਬੇ ਸਮੇਂ ਤਕ ਬੱਲੇਬਾਜ਼ੀ ਕਰਨ ਦੀ ਸੀ ਤਾਂ ਕਿ ਅਸੀਂ ਮੈਚ ਦਾ ਨਤੀਜਾ ਆਪਣੇ ਹੱਕ ਵਿਚ ਕਰਵਾ ਸਕੀਏ।’’ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ 5ਵੀਂ ਵਿਕਟ ਲਈ 171 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਟੀਮ ਟੀਚੇ ਦੇ ਨੇੜੇ ਪਹੁੰਚੀ। ਸਚਿਨ ਨੇ ਕਿਹਾ, ‘‘ਦੱਖਣੀ ਅਫਰੀਕਾ ਚੰਗੀ ਗੇਂਦਬਾਜ਼ੀ ਕਰ ਰਿਹਾ ਸੀ। ਇਸ ਲਈ ਇਹ ਥੋੜ੍ਹੀ ਮੁਸ਼ਕਿਲ ਸੀ ਪਰ ਉਦੈ ਤੇ ਮੈਨੂੰ ਭਰੋਸਾ ਸੀ ਤੇ ਸਾਨੂੰ ਲੱਗਾ ਕਿ ਇਕ ਵੱਡੀ ਸਾਂਝੇਦਾਰੀ ਸਾਨੂੰ ਮੈਚ ਵਿਚ ਜਿੱਤ ਦਿਵਾ ਸਕਦੀ ਹੈ।’’

Tarsem Singh

This news is Content Editor Tarsem Singh