ਅੰਡਰ-19 ਵਿਸ਼ਵ ਕੱਪ : ਸੈਮੀਫਾਈਨਲ 'ਚ ਭਾਰਤ ਤੇ ਪਾਕਿ ਹੋਣਗੇ ਆਹਮੋ-ਸਾਹਮਣੇ

01/31/2020 10:38:36 PM

ਬੇਨੋਨੀ (ਦੱਖਣੀ ਅਫਰੀਕਾ)—ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ ਦਾ ਕੁਆਰਟਰ ਫਾਈਨਲ ਮੈਚ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਾਲੇ ਖੇਡਿਆ ਗਿਆ, ਜਿਸ ਵਿਚ ਪਾਕਿਸਤਾਨ ਨੇ ਅਫਗਾਨਿਸਤਾਨ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਗੇਂਦਬਾਜ਼ਾਂ ਦੇ ਧਮਾਕੇਦਾਰ ਪ੍ਰਦਰਸ਼ਨ ਤੋਂ ਬਾਅਦ ਡੈਬਿਊ ਕਰ ਰਹੇ ਸਲਾਮੀ ਬੱਲੇਬਾਜ਼ ਮੁਹੰਮਦ ਹੁਰੈਰਾ (64) ਦੀ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਪਾਕਿਸਤਾਨ ਨੂੰ ਇਹ ਜਿੱਤ ਹਾਸਲ ਹੋਈ। ਪਾਕਿਸਤਾਨ ਨੇ ਮੈਚ ਜਿੱਤ ਕੇ ਸੈਮੀਫਾਈਨਲ ਵਿਚ ਆਪਣੀ ਥਾਂ ਪੱਕੀ ਕਰ ਲਈ ਹੈ ਅਤੇ ਸੈਮੀਫਾਈਨਲ ਵਿਚ ਉਸ ਦਾ ਮੁਕਾਬਲਾ ਉਸ ਦੇ ਕੱਟੜ ਵਿਰੋਧੀ ਭਾਰਤ ਨਾਲ ਹੋਵੇਗਾ। ਪਿਛਲੇ ਚੈਂਪੀਅਨ ਭਾਰਤ ਤੇ ਪਾਕਿਸਤਾਨ ਅੰਡਰ-19 ਟੀਮਾਂ ਵਿਚਕਾਰ ਇਹ ਮੁਕਾਬਲਾ ਚਾਰ ਫਰਵਰੀ ਨੂੰ ਖੇਡਿਆ ਜਾਵੇਗਾ।

 ਭਾਰਤ ਨੇ ਮੰਗਲਵਾਰ ਨੂੰ (28 ਜਨਵਰੀ) ਆਸਟਰੇਲੀਆ ਨੂੰ ਹਰਾ ਕੇ ਸੈਮੀਫਾਈਨਲ ਦਾ ਟਿਕਟ ਹਾਸਲ ਕੀਤਾ ਸੀ। ਸ਼ੁੱਕਰਵਾਰ ਦੇ ਮੈਚ 'ਚ ਅਫਗਾਨਿਸਤਾਨ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 49.1 ਓਵਰ 'ਚ 189 ਦੌੜਾਂ 'ਤੇ ਢੇਰ ਹੋ ਗਈ। ਪਾਕਿਸਤਾਨ ਨੇ 41.1 ਓਵਰ 'ਚ ਚਾਰ ਵਿਕਟਾਂ ਦੇ ਨੁਕਸਾਨ 'ਤੇ ਇਹ ਟੀਚਾ ਹਾਸਲ ਕਰ ਲਿਆ। ਅਫਗਾਨਿਸਤਾਨ ਲਈ ਕਪਤਾਨ ਫਰਹਾਨ ਜ਼ਖੀਲ ਨੇ ਸਭ ਤੋਂ ਜ਼ਿਆਦਾ 40 ਦੌੜਾਂ ਬਣਾਈਆਂ। ਪਾਕਿਸਤਾਨ ਲਈ ਮੁਹੰਮਦ ਆਮਿਰ ਖਾਨ ਨੇ ਸਭ ਤੋਂ ਜ਼ਿਆਦਾ ਤਿੰਨ ਵਿਕਟਾਂ ਹਾਸਲ ਕੀਤੀਆਂ।

 

Gurdeep Singh

This news is Content Editor Gurdeep Singh