ਪਲਟ ਗਈ ਬਾਜ਼ੀ, ਮੀਨਾਕਸ਼ੀ ਹੋਈ ਸਭ ਤੋਂ ਅੱਗੇ

12/05/2017 4:30:05 AM

ਸੂਰਤ— ਭਾਰਤ ਦੀਆਂ ਚੋਟੀ ਦੀਆਂ ਖਿਡਾਰਨਾਂ ਵਿਚਾਲੇ ਚੱਲ ਰਹੀ 44ਵੀਂ ਰਾਸ਼ਟਰੀ ਮਹਿਲਾ ਪ੍ਰੀਮੀਅਰ ਸ਼ਤਰੰਜ ਚੈਂਪੀਅਨਸ਼ਿਪ 'ਚ ਅੱਜ ਦਾ ਦਿਨ ਵੱਡਾ ਉਲਟਫੇਰ ਲੈ ਕੇ ਆਇਆ ਤੇ ਖਿਤਾਬ ਦੀਆਂ ਤਿੰਨ ਮੁੱਖ ਦਾਅਵੇਦਾਰਾਂ ਦੀ ਹਾਰ ਨੇ ਸਿਰਫ ਦੋ ਰਾਊਂਡ ਪਹਿਲਾਂ ਹੀ ਸਾਰੇ ਸਮੀਕਰਨ ਪਲਟ ਕੇ ਰੱਖ ਦਿੱਤੇ ਹਨ ਅਤੇ ਏਅਰ ਇੰਡੀਆ ਦੀ ਤਜਰਬੇਕਾਰ ਖਿਡਾਰਨ ਮੀਨਾਕਸ਼ੀ ਲਈ ਉਸ ਦੇ ਪਹਿਲੇ ਰਾਸ਼ਟਰੀ ਖਿਤਾਬ ਦੀ ਉਮੀਦ ਜਾਗ ਗਈ ਹੈ। 
ਅੱਜ ਵੱਡਾ ਨਤੀਜਾ ਉਦੋਂ ਸਾਹਮਣੇ ਆਇਆ, ਜਦੋਂ ਤਿੰਨ ਵਾਰ ਦੀ ਰਾਸ਼ਟਰੀ ਜੇਤੂ ਪੀ. ਐੱਸ. ਪੀ. ਬੀ. ਦੀ ਮੈਰੀ ਗੋਮਸ ਨੇ ਸਭ ਤੋਂ ਅੱਗੇ ਚੱਲ ਰਹੀ ਤੇ ਆਪਣੇ ਚੌਥੇ ਖਿਤਾਬ ਵੱਲ ਵਧ ਰਹੀ ਪੀ. ਐੱਸ. ਪੀ. ਬੀ. ਦੀ ਹੀ ਪਦਮਿਨੀ ਰਾਊਤ ਨੂੰ ਹਰਾ ਕੇ ਉਸ ਨੂੰ ਜ਼ੋਰਦਾਰ ਝਟਕਾ ਦਿੱਤਾ। ਇਹ ਗੱਲ ਇਸ ਲਈ ਵੀ ਥੋੜ੍ਹੀ ਹੈਰਾਨ ਕਰਨ ਵਾਲੀ ਹੈ ਕਿਉਂਕਿ ਇਸ ਟੂਰਨਾਮੈਂਟ 'ਚ ਫਿਲਹਾਲ ਪਦਮਿਨੀ ਜਿਥੇ ਲੈਅ ਵਿਚ ਹੈ ਤੇ ਮੈਰੀ ਜੂਝਦੇ ਹੋਏ ਨਜ਼ਰ ਆ ਰਹੀ ਸੀ। ਖੈਰ, ਦੂਜਾ ਝਟਕਾ ਲੱਗਾ ਸਾਂਝੇ ਤੌਰ 'ਤੇ ਬੜ੍ਹਤ 'ਤੇ ਚੱਲ ਰਹੀ ਤਾਮਿਲਨਾਡੂ ਦੀ ਨੰਧਿਧਾ ਪੀ. ਵੀ. ਨੂੰ, ਜਿਸ ਨੂੰ ਏਅਰ ਇੰਡੀਆ ਦੀ ਮੀਨਾਕਸ਼ੀ ਸੁਬਾਰਮਨ ਨੇ ਹਾਰ ਦਾ ਸਵਾਦ ਚਖਾਇਆ। 
ਇਕ ਹੋਰ ਮੁਕਾਬਲੇ ਵਿਚ ਪੀ. ਐੱਸ. ਪੀ. ਬੀ. ਦੀ ਸੌਮਿਆ ਸਵਾਮੀਨਾਥਨ ਨੂੰ ਏਅਰ ਇੰਡੀਆ ਦੀ ਭਗਤੀ ਕੁਲਕਰਨੀ ਨੇ ਹਰਾ ਕੇ ਅੰਕ ਸੂਚੀ 'ਚ ਪਿੱਛੇ ਧੱਕ ਦਿੱਤਾ। ਹੋਰਨਾਂ ਮੁਕਾਬਲਿਆਂ 'ਚ ਐੱਲ. ਆਈ. ਸੀ. ਦੀ ਸਵਾਤੀ ਘਾਟੇ ਨੇ ਮਹਾਰਾਸ਼ਟਰ ਦੀ ਸਾਕਸ਼ੀ ਚਿਤਲਾਂਗੇ ਨੂੰ ਹਰਾਇਆ। ਤਾਮਿਲਨਾਡੂ ਦੀ ਬਾਲਾ ਕਨੱਪਾ ਨੇ ਐੱਲ. ਆਈ. ਸੀ. ਦੀ ਕਿਰਣ ਮਨੀਸ਼ਾ ਨੂੰ ਹਰਾਇਆ।  ਬੰਗਾਲ ਦੀ ਸਮ੍ਰਿਧਾ ਘੋਸ਼ ਤੇ ਮਹਾਰਾਸ਼ਟਰ ਦੀ ਸ਼੍ਰਸ਼ਠੀ ਪਾਂਡੇ ਵਿਚਾਲੇ ਮੁਕਾਬਲਾ ਬਰਾਬਰੀ 'ਤੇ ਰਿਹਾ। ਅਜਿਹੀ ਸਥਿਤੀ 'ਚ ਜਦੋਂ ਦੋ ਰਾਊਂਡ ਅਜੇ ਬਾਕੀ ਹਨ, ਉਦੋਂ ਮੀਨਾਕਸ਼ੀ 6.5 ਅੰਕਾਂ ਨਾਲ ਪਹਿਲੇ ਸਥਾਨ 'ਤੇ ਆ ਗਈ ਹੈ, ਜਦਕਿ ਭਗਤੀ, ਪਦਮਿਨੀ ਤੇ ਨੰਧਿਧਾ 6 ਅੰਕਾਂ ਨਾਲ ਦੂਜੇ ਸਥਾਨ 'ਤੇ ਜਾ ਪਹੁੰਚੀਆਂ ਹਨ। ਸੌਮਿਆ 5.5 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ। ਸਵਾਤੀ ਤੇ ਮੈਰੀ 5 ਅੰਕਾਂ, ਸਾਕਸ਼ੀ 4.5 ਅੰਕਾਂ, ਬਾਲਾ 3.5 ਅੰਕਾਂ, ਸਮ੍ਰਿਧਾ 4 ਅੰਕਾਂ, ਕਿਰਣ 2 ਅੰਕਾਂ ਤੇ ਸ਼੍ਰਸ਼ਠੀ 1 ਅੰਕ 'ਤੇ ਖੇਡ ਰਹੀ ਹੈ।