ਭਾਰਤ ਲਈ ਧੋਨੀ ਸਾਬਤ ਹੋ ਸਕਦੇ ਹਨ ਟ੍ਰੰਪ ਕਾਰਡ : ਜ਼ਹੀਰ ਅੱਬਾਸ

05/21/2019 3:22:53 PM

ਨਵੀਂ ਦਿੱਲੀ : ਭਾਰਤ ਨੂੰ 30 ਮਈ ਤੋਂ ਇੰਗਲੈਂਡ ਵਿਚ ਸ਼ੁਰੂ ਹੋ ਰਹੇ ਵਿਸ਼ਵ ਕੱਪ ਦੇ ਮਜ਼ਬੂਤ ਦਾਅਵੇਦਾਰਾਂ ਵਿਚ ਗਿਣਦਿਆਂ ਪਾਕਿਸਤਾਨ ਦੇ ਸਾਬਕਾ ਕਪਤਾਨ ਜ਼ਹੀਰ ਅੱਬਾਸ ਨੇ ਕਿਹਾ ਕਿ 2 ਵਿਸ਼ਵ ਕੱਪ ਜਿਤਾ ਚੁੱਕੇ ਮਹਿੰਦਰ ਸਿੰਘ ਧੋਨੀ ਦਾ ਕ੍ਰਿਕਟ ਵਿਚ ਦਿਮਾਗ ਭਾਰਤੀ ਟੀਮ ਲਈ ਟ੍ਰੰਪ ਕਾਰਡ ਸਾਬਤ ਹੋ ਸਕਦਾ ਹੈ। ਭਾਰਤ ਨੂੰ ਟੀ-20 (2007) ਵਿਸ਼ਵ ਕੱਪ ਅਤੇ 50 ਓਵਰਾਂ ਦਾ ਵਿਸ਼ਵ ਕੱਪ (2011) ਜਿੱਤਾ ਚੁੱਕੇ ਧੋਨੀ ਦਾ ਇਹ ਆਖਰੀ ਵਿਸ਼ਵ ਕੱਪ ਹੈ ਜਦਕਿ ਬਤੌਰ ਕਪਤਾਨ ਵਿਰਾਟ ਕੋਹਲੀ ਪਹਿਲੀ ਵਾਰ ਵਿਸ਼ਵ ਕੱਪ ਵਿਚ ਭਾਰਤ ਦੀ ਕਪਤਾਨੀ ਕਰਨਗੇ।

ਭਾਰਤ ਕੋਲ ਹੈ ਧੋਨੀ ਵਰਗਾ ਜੀਨੀਅਸ

ਅੱਬਾਸ ਨੇ ਪਾਕਿਸਤਾਨ ਤੋਂ ਭਾਸ਼ਾ ਨੂੰ ਫੋਨ 'ਤੇ ਦਿੱਤੇ ਇੰਟਰਵਿਊ ਵਿਚ ਕਿਹਾ, ''ਭਾਰਤ ਕੋਲ ਧੋਨੀ ਵਰਗਾ ਜੀਨੀਅਸ ਹੈ ਜੋ ਅਸਲ ਵਿਚ ਟੀਮ ਦਾ ਦਿਮਾਗ ਹੈ। ਉਹ ਕ੍ਰਿਕਟ ਨੂੰ ਇੰਨਾ ਚੰਗਾ ਸਮਝਦਾ ਹੈ ਕਿ ਕਪਤਾਨ ਅਤੇ ਕੋਚ ਨੂੰ ਉਸਦੇ ਤਜ਼ਰਬੇ ਦਾ ਫਾਇਦਾ ਜ਼ਰੂਰ ਮਿਲੇਗਾ। ਉਸਦੇ ਕੋਲ 2 ਵਿਸ਼ਵ ਕੱਪ ਜਿੱਤਣ ਦਾ ਤਜ਼ਰਬਾ ਹੈ ਇਸ ਲਈ ਉਹ ਟੀਮ ਲਈ ਟ੍ਰੰਪ ਕਾਰਡ ਸਾਬਤ ਹੋ ਸਕਦਾ ਹੈ। ਬੱਲੇਬਾਜ਼ਾਂ ਲਈ ਮਦਦਗਾਰ ਇੰਗਲੈਂਡ ਦੀਆਂ ਪਿੱਚਾਂ ਭਾਰਤ ਨੂੰ ਰਾਸ ਆਉਣਗੀਆਂ ਕਿਉਂਕਿ ਉਨ੍ਹਾਂ ਕੋਲ ਮਜ਼ਬੂਤ ਬੱਲੇਬਾਜ਼ੀ ਕ੍ਰਮ ਹੈ। ਭਾਰਤ ਦੇ ਇਲਾਵਾ ਪਾਕਿਸਤਾਨ, ਆਸਟਰੇਲੀਆ, ਇੰਗਲੈਂਡ ਅਤੇ ਨਿਊਜ਼ੀਲੈਂਢ ਨੂੰ ਵਿਸ਼ਵ ਕੱਪ ਦੇ ਦਾਅਵੇਦਾਰਾਂ ਵਿਚ ਮੰਨਿਆ ਜਾ ਰਿਹਾ ਹੈ।

ਵਿਸ਼ਵ ਕੱਪ 'ਚ ਭਾਰਤ ਤੋਂ ਇਕ ਵੀ ਮੈਚ ਨਹੀਂ ਜਿੱਤ ਸਕਿਆ ਪਾਕਿਸਤਾਨ

ਪਾਕਿਸਤਾਨ ਅਜੇ ਤੱਕ ਵਿਸ਼ਵ ਕੱਪ ਵਿਚ ਭਾਰਤ ਤੋਂ ਇਕ ਵੀ ਮੈਚ ਨਹੀਂ ਜਿੱਤ ਸਕਿਆ ਹੈ। ਇਹ ਪੁੱਛਣ 'ਤੇ ਕਿ ਕੀ ਇਸ ਵਾਰ ਹਾਲਾਤ ਬਦਲਣਗੇ? ਅੱਬਾਸ ਨੇ ਜਵਾਬ 'ਚ ਕਿਹਾ, ''ਇਹ ਤਾਂ ਮੈਚ ਦੇ ਦਿਨ ਦਬਾਅ ਝੱਲਣ 'ਤੇ ਨਿਰਭਰ ਹੋਵੇਗਾ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਟੂਰਨਾਮੈਂਟ ਦਾ ਸਭ ਤੋਂ ਸ਼ਾਨਦਾਰ ਮੈਚ ਹੋਵੇਗਾ। ਭਾਰਤ ਅਤੇ ਪਾਕਿਸਤਾਨ ਦਾ ਮੁਕਾਬਲਾ 16 ਜੂਨ ਨੂੰ ਮੈਨਚੈਸਟਰ ਵਿਚ ਹੋਵੇਗਾ। ਅੱਬਾਸ ਨੇ ਕਿਹਾ ਕਿ ਭਾਰਤ ਦਾ ਰਿਕਾਰਡ ਬਿਹਤਰ ਹੈ ਪਰ ਪਾਕਿਸਤਾਨ ਆਪਣਾ ਦਿਨ ਹੋਣ 'ਤੇ ਕਿਸੇ ਨੂੰ ਵੀ ਹਰਾ ਸਕਦਾ ਹੈ। ਇਹ ਟੂਰਨਾਮੈਂਟ ਦਾ ਰੋਮਾਂਚਕ ਮੈਚ ਹੋਵੇਗਾ ਅਤੇ ਮੇਰੀ ਨਜ਼ਰ ਵਿਚ ਭਾਰਤ ਅਤੇ ਪਾਕਿਸਤਾਨ ਦੀ ਕ੍ਰਿਕਟ ਦੇ ਮੈਦਾਨ 'ਤੇ ਟੱਕਰ ਐਸ਼ੇਜ਼ ਤੋਂ ਵੀ ਵੱਡੀ ਹੈ।''