Tokyo Olympic : ਭਾਰਤੀ ਮਹਿਲਾ ਹਾਕੀ ਟੀਮ ਦੀ ਨਿਰਾਸ਼ਾਜਨਕ ਸ਼ੁਰੂਆਤ, ਨੀਦਰਲੈਂਡ ਨੇ 5-1 ਨਾਲ ਹਰਾਇਆ

07/24/2021 7:42:19 PM

ਸਪੋਰਟਸ ਡੈਸਕ : ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਨੀਵਾਰ ਟੋਕੀਓ ਓਲੰਪਿਕ ’ਚ ਇਥੇ ਆਪਣੇ ਪਹਿਲੇ ਪੂਲ ਮੈਚ ’ਚ ਵਿਸ਼ਵ ਦੀ ਨੰਬਰ ਇਕ ਨੀਦਰਲੈਂਡ ਖ਼ਿਲਾਫ਼ ਪਹਿਲੇ ਦੋ ਕੁਆਰਟਰਜ਼ ’ਚ ਜਿੱਤ ਦਰਜ ਕੀਤੀ ਪਰ ਅੰਤ ’ਚ 1-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਫੇਲਿਸੇ ਐਲਬਰਸ ਨੇ ਛੇਵੇਂ ਹੀ ਮਿੰਟ ’ਚ ਨੀਦਰਲੈਂਡ ਨੂੰ ਬੜ੍ਹਤ ਦਿਵਾ ਦਿੱਤੀ ਸੀ ਪਰ ਭਾਰਤੀ ਕਪਤਾਨ ਰਾਣੀ ਰਾਮਪਾਲ ਨੇ 10ਵੇਂ ਮਿੰਟ ’ਚ ਟੀਮ ਨੂੰ 1-1 ਨਾਲ ਬਰਾਬਰੀ ’ਤੇ ਲਿਆ ਦਿੱਤਾ। ਭਾਰਤੀ ਖਿਡਾਰਨਾਂ ਨੇ ਪਹਿਲੇ ਦੋ ਕੁਆਰਟਰਜ਼ ’ਚ ਸ਼ਾਨਦਾਰ ਰੱਖਿਆਤਮਕ ਖੇਡ ਦਿਖਾਈ, ਜਿਸ ਨਾਲ ਅੱਧੇ ਸਮੇਂ ਤਕ ਸਕੋਰ ਬਰਾਬਰ ਰਿਹਾ ਪਰ ਬਰੇਕ ਨਾਲ ਉਨ੍ਹਾਂ ਦੀ ਲੈਅ ਟੁੱਟ ਗਈ ਤੇ ਨੀਦਰਲੈਂਡ ਨੇ ਹਮਲਾਵਰ ਖੇਡ ਦਿਖਾਉਂਦਿਆਂ ਤਿੰਨ ਗੋਲ ਕਰ ਦਿੱਤੇ।

ਇਸ ਨਾਲ ਭਾਰਤੀ ਟੀਮ ਦੇ ਮੁੜ ਉਲਟਫੇਰ ਕਰਨ ਦੀਆਂ ਉਮੀਦਾਂ ਟੁੱਟ ਗਈਆਂ। ਮਾਰਗੋਟ ਵਾਨ ਜੇਫੇਨ ਨੇ 33ਵੇਂ ਮਿੰਟ ’ਚ ਨੀਦਰਲੈਂਡ ਨੂੰ ਬੜ੍ਹਤ ਦਿਵਾ ਦਿੱਤੀ। ਇਸ ਤੋਂ ਬਾਅਦ ਤਿੰਨ ਵਾਰ ਦੀ ਓਲੰਪਿਕ ਚੈਂਪੀਅਨ ਅਤੇ ਮੌਜੂਦਾ ਚਾਂਦੀ ਤਗਮਾ ਜੇਤੂ ਨੇ ਫਿਰ ਲਗਾਤਾਰ ਦੋ ਗੋਲ ਕੀਤੇ, ਜਿਸ ’ਚ ਐਲਬਰਜ਼ ਨੇ 43ਵੇਂ ਮਿੰਟ ’ਚ ਅਤੇ ਫਰੈਡਰਿਕ ਮਟਾਲਾ ਨੇ 45ਵੇਂ ਮਿੰਟ ਵਿਚ ਗੋਲ ਕੀਤਾ। ਇੰਨਾ ਹੀ ਕਾਫ਼ੀ ਨਹੀਂ ਸੀ ਕਿ ਨੀਦਰਲੈਂਡ ਨੇ ਕਾਈਆ ਜੈਕਲੀਨ ਵਾਨ ਮਾਸਾਕਰ ਦੇ 52ਵੇਂ ਮਿੰਟ ’ਚ ਛੇਵੇਂ ਪੈਨਲਟੀ ਕਾਰਨਰ ਨਾਲ ਪੰਜਵਾਂ ਗੋਲ ਕੀਤਾ। ਭਾਰਤੀ ਟੀਮ ਹੁਣ 26 ਜੁਲਾਈ ਨੂੰ ਪੂਲ-ਏ ਦੇ ਅਗਲੇ ਮੈਚ ’ਚ ਜਰਮਨੀ ਨਾਲ ਭਿੜੇਗੀ।

Manoj

This news is Content Editor Manoj