ਅੱਜ ਕੰਗਾਰੂਆਂ ਨਾਲ ਲੋਹਾ ਲੈਣਗੀਆਂ ਭਾਰਤੀ ਸ਼ੇਰਨੀਆਂ

07/20/2017 12:50:10 AM

ਡਰਬੀ— ਭਾਰਤੀ ਮਹਿਲਾ ਕ੍ਰਿਕਟ ਟੀਮ ਆਈ. ਸੀ. ਸੀ. ਵਿਸ਼ਵ ਕੱਪ 'ਚ ਇਤਿਹਾਸ ਰਚਣ ਤੋਂ ਹੁਣ ਸਿਰਫ ਕੁਝ ਕਦਮਾਂ ਦੀ ਦੂਰੀ 'ਤੇ ਹੈ ਪਰ ਉਸ ਤੋਂ ਪਹਿਲਾਂ ਮਿਤਾਲੀ ਐਂਡ ਕੰਪਨੀ ਨੂੰ ਦੂਜੇ ਸੈਮੀਫਾਈਨਲ ਮੁਕਾਬਲੇ 'ਚ ਵੀਰਵਾਰ ਨੂੰ 6 ਵਾਰ ਦੀ ਚੈਂਪੀਅਨ ਆਸਟ੍ਰੇਲੀਆ ਦੀ ਚੁਣੌਤੀ ਤੋਂ ਪਾਰ ਪਾਉਣਾ ਪਵੇਗਾ। ਭਾਰਤੀ ਮਹਿਲਾ ਟੀਮ ਨੇ ਨਿਊਜ਼ੀਲੈਂਡ ਵਿਰੁੱਧ 186 ਦੌੜਾਂ ਦੀ ਆਪਣੀ ਜ਼ਬਰਦਸਤ ਜਿੱਤ ਦੀ ਬਦੌਲਤ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕੀਤੀ ਸੀ ਪਰ ਸੈਮੀਫਾਈਨਲ 'ਚ ਉਸ ਦੇ ਲਈ ਰਾਹ ਕਾਫੀ ਮੁਸ਼ਕਿਲ ਹੋਣ ਵਾਲਾ ਹੈ, ਜਿਥੇ ਉਹ ਟੂਰਨਾਮੈਂਟ ਦੀ ਸਭ ਤੋਂ ਸਫਲ ਟੀਮ ਆਸਟ੍ਰੇਲੀਆ ਦਾ ਸਾਹਮਣਾ ਕਰੇਗੀ, ਜਿਸ ਦੇ ਵਿਰੁੱਧ ਉਸ ਦਾ ਪਿਛਲਾ ਰਿਕਾਰਡ ਖਾਸ ਨਹੀਂ ਰਿਹਾ ਹੈ। ਪਰ ਜੇਕਰ ਟੀਮ ਇੰਡੀਆ ਨੇ ਪਹਿਲੀ ਵਾਰ ਵਿਸ਼ਵ ਕੱਪ ਚੈਂਪੀਅਨ ਬਣ ਕੇ ਇਤਿਹਾਸ ਰਚਣਾ ਹੈ ਤਾਂ ਉਸ ਨੂੰ ਫਾਈਨਲ ਦੀ ਟਿਕਟ ਹਾਸਲ ਕਰਨ ਲਈ ਇਸ ਚੈਂਪੀਅਨ ਟੀਮ ਨੂੰ ਉਲਟਫੇਰ ਦਾ ਸ਼ਿਕਾਰ ਬਣਾਉਣਾ ਹੀ ਪਵੇਗਾ। ਇੰਗਲੈਂਡ ਦੀ ਟੀਮ ਦੱਖਣੀ ਅਫਰੀਕਾ ਨੂੰ ਪਹਿਲੇ ਸੈਮੀਫਾਈਨਲ ਵਿਚ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾ ਚੁੱਕੀ ਹੈ, ਜਿਸ ਨੂੰ ਭਾਰਤ ਨੇ ਇਸ ਟੂਰਨਾਮੈਂਟ ਵਿਚ ਆਪਣੇ ਪਹਿਲੇ ਹੀ ਮੈਚ ਵਿਚ 35 ਦੌੜਾਂ ਨਾਲ ਹਰਾਇਆ ਸੀ।