ਟੋਕੀਓ ਓਲੰਪਿਕ ਨੂੰ ਰੱਦ ਕਰਨ ਦੀ ਪਟੀਸ਼ਨ ’ਤੇ ਹਜ਼ਾਰਾਂ ਲੋਕਾਂ ਨੇ ਕੀਤੇ ਦਸਤਖਤ

05/06/2021 10:31:37 PM

ਟੋਕੀਓ– ਟੋਕੀਓ ਓਲੰਪਿਕ ਨੂੰ ਰੱਦ ਕਰਨ ਦੇ ਸਮਰਥਨ ਵਿਚ ਕੁਝ ਹੀ ਦਿਨ ਪਹਿਲਾਂ ਸ਼ੁਰੂ ਕੀਤੀ ਗਈ ਇਕ ਆਨਲਾਈਨ ਪਟੀਸ਼ਨ ’ਤੇ ਹਜ਼ਾਰਾਂ ਲੋਕਾਂ ਨੇ ਦਸਤਖਤ ਕੀਤੇ ਹਨ। ਟੋਕੀਓ, ਓਸਾਕਾ ਤੇ ਕੁਝ ਹੋਰਨਾਂ ਖੇਤਰਾਂ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਵਧਣ ਦੇ ਕਾਰਨ 11 ਮਈ ਤਕ ਐਮਰਜੈਂਸੀ ਲਾਗੂ ਹੈ, ਜਿਸ ਦੇ ਅੱਗੇ ਵਧਣ ਦੀ ਸੰਭਾਵਨਾ ਹੈ। ਪਿਛਲੇ ਸਾਲ ਇਸ ਮਹਾਮਾਰੀ ਦੇ ਕਾਰਨ ਮੁਲਤਵੀ ਹੋਈਆਂ ਇਨ੍ਹਾਂ ਖੇਡਾਂ ਨੂੰ ਇਸ ਸਾਲ 23 ਜੁਲਾਈ ਤੋਂ ਸ਼ੁਰੂ ਹੋਣਾ ਹੈ।

ਇਹ ਖ਼ਬਰ ਪੜ੍ਹੋ- ਪੰਜਾਬ ਦੇ ਹਰਪ੍ਰੀਤ ਦਾ ਮੀਆ ਖਲੀਫਾ ਨੂੰ ਕੀਤਾ ਟਵੀਟ ਵਾਇਰਲ, ਕਹੀ ਸੀ ਇਹ ਗੱਲ


ਪਟੀਸ਼ਨ ਨੂੰ ਕੌਮਾਂਤਰੀ ਓਲੰਪਿਕ ਕਮੇਟੀ ਦੇ ਮੁਖੀ ਥਾਮਸ ਬਾਕ ਨੂੰ ਸੰਬੋਧਿਤ ਕੀਤਾ ਗਿਆ ਹੈ। ਬਾਕ ਦੀ ਇਸ ਮਹੀਨੇ ਦੇ ਅੰਤ ਵਿਚ ਜਾਪਾਨ ਯਾਤਰਾ ਦੀ ਯੋਜਨਾ ਹੈ। ਉਹ ਹਿਰੋਸ਼ਿਮਾ ਵਿਚ 17 ਮਈ ਨੂੰ ਓਲੰਪਿਕ ਰਿਲੇਅ ਦੇ ਪੂਰੇ ਹੋਣ ਸਮੇਂ ਮੌਜੂਦ ਰਹਿਣਗੇ। ਉਹ ਟੋਕੀਓ ਦੀ ਯਾਤਰਾ ਵੀ ਕਰਨਗੇ, ਜਿੱਥੇ ਓਲੰਪਿਕ ਵਿਰੁੱਧ ਛੋਟੇ ਵਿਰੋਧ ਪ੍ਰਦਰਸ਼ਨ ਦੀ ਯੋਜਨਾ ਬਣਾਈ ਗਈ ਹੈ। ਇਸ ਪਟੀਸ਼ਨ ਨੂੰ ਕੇਂਜੀ ਉਤਸੁਨੋਮਿਆ ਨੇ ਤਿਆਰ ਕੀਤਾ ਸੀ, ਜਿਹੜੇ ਟੋਕੀਓ ਦੇ ਗਵਰਨਰ ਅਹੁਦੇ ਲਈ ਕਈ ਵਾਰ ਚੋਣ ਲੜ ਚੁੱਕੇ ਹਨ। ਪਟੀਸ਼ਨ ਦੇ ਲਾਂਚ ਹੋਣ ਤੋਂ ਬਾਅਦ ਪਹਿਲੇ 24 ਘੰਟਿਆਂ ਵਿਚ ਇਸ ’ਤੇ ਲਗਭਗ 50,000 ਲੋਕਾਂ ਨੇ ਦਸਤਖਤ ਕਰ ਦਿੱਤੇ ਹਨ।

ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਪਰਤੇਗਾ ਬੋਲਟ, ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ’ਚੋਂ ਰਹਿ ਸਕਦੈ ਬਾਹਰ


ਉਤਸੁਨੋਮੀਆ ਨੇ ਕਿਹਾ,‘‘ਸਰਕਾਰ ਦੀਆਂ ਨੀਤੀਆਂ ਨੂੰ ਓਲੰਪਿਕ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਜਾ ਰਿਹਾ ਹੈ ਜਦਕਿ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਕਦਮਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਹਸਪਤਾਲਾਂ ਵਿਚ ਜਗ੍ਹਾ ਘੱਟ ਹੈ ਤੇ ਲੋਕ ਘਰਾਂ ਵਿਚ ਦਮ ਤੋੜ ਰਹੇ ਹਨ।’’

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh