ਥਾਮਸ ਕੱਪ ''ਚ ਭਾਰਤ ਦੀ ਨਿਰਾਸ਼ਾਜਨਕ ਸ਼ੁਰੂਆਤ, ਫਰਾਂਸ ਤੋਂ ਹਾਰਿਆ

05/20/2018 1:57:44 PM

ਬੈਂਕਾਕ (ਬਿਊਰੋ)— ਭਾਰਤ ਦੇ ਯੁਵਾ ਖਿਡਾਰੀਆਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਕਰਕੇ ਭਾਰਤ ਨੂੰ ਥਾਮਸ ਕੱਪ ਬੈਡਮਿੰਟਨ ਟੂਰਨਾਮੈਂਟ ਦੇ ਗਰੁੱਪ ਏ ਦੇ ਆਪਣੇ ਸ਼ੁਰੂਆਤੀ ਮੁਕਾਬਲੇ 'ਚ ਅੱਜ ਇੱਥੇ ਫਰਾਂਸ ਨਾਲ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਉਸ ਦੇ ਨਾਕਆਊਟ 'ਚ ਜਗ੍ਹਾ ਬਣਾਉਣ ਦੀ ਉਮੀਦਾਂ ਨੂੰ ਕਰਾਰਾ ਝਟਕਾ ਲੱਗਾ। ਵਿਸ਼ਵ 'ਚ 18ਵੇਂ ਨੰਬਰ ਦੇ ਬੀ ਸਾਈ ਪ੍ਰਣੀਤ ਨੇ ਬ੍ਰਾਈਸ ਲੇਵਰਡੇਜ ਨੂੰ 21-7, 21-18 ਨਾਲ ਹਰਾ ਕੇ ਭਾਰਤ ਨੂੰ ਹਾਂ ਪੱਖੀ ਸ਼ੁਰੂਆਤ ਦਿਵਾਈ ਪਰ ਹੋਰ ਖਿਡਾਰੀ ਉਮੀਦਾਂ 'ਤੇ ਖਰੇ ਨਹੀਂ ਉਤਰ ਸਕੇ।

ਦਿਨ ਦੇ ਦੂਜੇ ਮੈਚ 'ਚ ਵਿਸ਼ਵ 'ਚ 38ਵੇਂ ਨੰਬਰ ਦੇ ਐੱਮ.ਆਰ. ਅਰਜੁਨ ਅਤੇ ਸ਼ਲੋਕ ਰਾਮਚੰਦਰਨ ਡਬਲਜ਼ 'ਚ ਦਬਾਅ ਝੱਲਣ 'ਚ ਅਸਫਲ ਰਹੇ ਅਤੇ ਬਾਸਟੀਆਨ ਕਾਰਸੌਡੀ ਅਤੇ ਜੂਲੀਅਨ ਮਾਈਓ ਦੀ ਵਿਸ਼ਵ 'ਚ 47ਵੇਂ ਨੰਬਰ ਦੀ ਜੋੜੀ ਤੋਂ 13-21, 16-21 ਨਾਲ ਹਾਰ ਗਏ। ਸਵਿਸ ਓਪਨ ਚੈਂਪੀਅਨ ਸਮੀਰ ਵਰਮਾ ਦੇ ਕੋਲ ਇਸ ਦੇ ਬਾਅਦ ਭਾਰਤ ਨੂੰ ਵਾਪਸੀ ਦਿਵਾਉਣ ਦਾ ਜ਼ਿੰਮਾ ਸੀ ਪਰ ਵਿਸ਼ਵ ਦੇ 21ਵੇਂ ਨੰਬਰ ਦਾ ਇਹ ਖਿਡਾਰੀ ਦੂਜੇ ਸਿੰਗਲ 'ਚ 43ਵੀਂ ਰੈਂਕਿੰਗ ਦੇ ਲੁਕਾਸ ਕੋਰਵੀ ਖਿਲਾਫ ਸੰਘਰਸ਼ਪੂਰਨ ਮੈਚ 'ਚ 18-21, 22-20, 1-21 ਨਾਲ ਹਾਰ ਗਿਆ।

ਹੁਣ ਦੂਜੇ ਡਬਲਜ਼ 'ਚ ਅਰੁਣ ਜਾਰਜ ਅਤੇ ਸੰਯਮ ਸ਼ੁਕਲਾ ਦੀ 70ਵੀਂ ਰੈਂਕਿੰਗ ਵਾਲੀ ਜੋੜੀ ਦਾ ਸਾਹਮਣਾ 103ਵੇਂ ਨੰਬਰ ਦੇ ਥੋਮ ਗਿਕਵੇਲ ਅਤੇ ਰੋਹਨ ਲਾਬੇਰ ਨਾਲ ਸੀ ਪਰ ਭਾਰਤੀ ਟੀਮ ਸਿਰਫ 28 ਮਿੰਟ 'ਚ 10-21, 12-21 ਨਾਲ ਹਾਰ ਗਈ। ਲਕਸ਼ ਸੇਨ ਨੇ ਇਸ ਦੇ ਬਾਅਦ ਕੁਝ ਦੇਰ ਤੱਕ ਸੰਘਰਸ਼ ਕੀਤਾ ਪਰ ਉਨ੍ਹਾਂ ਨੂੰ ਵੀ ਤੀਜੇ ਸਿੰਗਲ 'ਚ ਟੋਮਾ ਜੂਨੀਅਰ ਪੋਪੋਵ ਤੋਂ 20-22, 21-19,19-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਅਗਲੇ ਮੈਚ 'ਚ ਸੋਮਵਾਰ ਨੂੰ ਆਸਟਰੇਲੀਆ ਨਾਲ ਮੁਕਾਬਲਾ ਖੇਡੇਗਾ।