ਭਾਰਤੀ ਟੀਮ ਦੀ ਇਹ ਤਿਕੜੀ ਵਿਰੋਧੀ ਬੱਲੇਬਾਜ਼ਾਂ ਲਈ ਮੁਸੀਬਤ

06/01/2017 4:36:45 PM

ਲੰਡਨ— ਆਈ.ਸੀ.ਸੀ. ਚੈਂਪੀਅਨਸ ਟਰਾਫੀ ਦਾ ਵੀਰਵਾਰ ਤੋਂ ਆਗਾਜ਼ ਹੋਣ ਜਾ ਰਿਹਾ ਹੈ, ਜਿਥੇ ਸਾਰੀਆਂ ਟੀਮਾਂ ਖਿਤਾਬ 'ਤੇ ਨਜ਼ਰਾਂ ਰੱਖਣਗੀਆਂ। ਹਾਲਾਂਕਿ ਸਾਬਕਾ ਚੈਂਪੀਅਨ ਭਾਰਤੀ ਟੀਮ ਦੇ ਪ੍ਰਦਰਸ਼ਨ ਤੇ ਉਸ ਦੇ ਖਿਡਾਰੀਆਂ ਦੇ ਹਮਲਾਵਰੀ ਤੇਵਰਾਂ ਦੇ ਮੱਦੇਨਜ਼ਰ ਇਸ ਸਾਲ ਵੀ ਉਹ ਜਿੱਤ ਦੀ ਪਹਿਲੀ ਦਾਅਵੇਦਾਰ ਮੰਨੀ ਜਾ ਰਹੀ ਹੈ, ਜਿਹੜੀ ਖਿਤਾਬੀ ਹੈਟ੍ਰਿਕ ਦੇ ਟੀਚੇ ਨਾਲ ਉਤਰ ਰਹੀ ਹੈ। ਸਾਬਕਾ ਚੈਂਪੀਅਨ ਭਾਰਤ 4 ਜੂਨ ਨੂੰ ਪੁਰਾਣੇ ਵਿਰੋਧੀ ਪਾਕਿਸਤਾਨ ਵਿਰੁੱਧ ਮੁਕਾਬਲੇ ਰਾਹੀਂ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ।


ਭਾਰਤ ਨੇ ਆਪਣੇ ਦੋਵੇਂ ਅਭਿਆਸ ਮੈਚ ਜਿੱਤ ਕੇ ਦਿਖਾ ਦਿੱਤਾ ਹੈ ਕਿ ਖਿਤਾਬ ਬਚਾਉਣ ਲਈ ਉਸ ਦੇ ਬੱਲੇਬਾਜ਼ਾਂ ਦੇ ਨਾਲ-ਨਾਲ ਗੇਂਦਬਾਜ਼ ਵੀ ਸ਼ਾਨਦਾਰ ਲੈਅ 'ਚ ਹਨ ਤੇ ਉਸ ਦੇ ਤੇਜ਼ ਗੇਂਦਬਾਜ਼ਾਂ ਦੀ ਤਿਕੜੀ ਕਿਸੇ ਵੀ ਟੀਮ ਦੇ ਬੱਲੇਬਾਜ਼ਾਂ ਲਈ ਮੁਸੀਬਤ ਖੜ੍ਹੀ ਕਰ ਸਕਦੀ ਹੈ। ਭਾਰਚੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ, ਬੁਮਰਾਹ ਦੀ ਤਿਕੜੀ ਵਿਰੋਧੀ ਬੱਲੇਬਾਜ਼ਾਂ ਲਈ ਚਿੰਤਾ ਦੀ ਘੜੀ ਹੋਣਗੇ ਤੇ ਭਾਰਤੀ ਟੀਮ ਦੇ ਆਲਰਾਊਂਡਰ ਯੁਵਰਾਜ ਸਿੰਘ, ਹਾਰਦਿਕ ਪੰਡਯਾ ਤੇ ਰਵਿੰਦਰ ਜਡੇਜਾ ਵੀ ਵਿਰੋਧੀ ਟੀਮ ਨੂੰ ਪਸਤ ਕਰਨ 'ਚ ਕੋਈ ਕਸਰ ਨਹੀਂ ਛੱਡਣਗੇ। ਇਸ ਦਾ ਨਜ਼ਾਰਾ ਪਹਿਲੇ ਅਤੇ ਦੂਜੇ ਅਭਿਆਸ ਮੈਚ 'ਚ ਦੇਖਿਆ ਹੀ ਜਾ ਸਕਦਾ ਹੈ। ਇਸ ਸਮੇਂ ਭਾਰਤੀ ਟੀਮ ਨੌਜਵਾਨ ਤੇ ਤਜਰਬੇਕਾਰ ਖਿਡਾਰੀਆਂ ਦਾ ਮਿਸ਼ਰਣ ਹੈ, ਜਿਹੜਾ ਕਿਸੇ ਵੀ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ 'ਚ ਸਮਰਥ ਹੈ।
ਭਾਰਤ ਇਸ ਤੋਂ ਪਹਿਲਾਂ 1998 'ਚ ਬੰਗਲਾਦੇਸ਼ 'ਚ, 2002 'ਚ ਮੇਜ਼ਬਾਨ ਸ਼੍ਰੀਲੰਕਾ ਨਾਲ ਸਾਂਝੇ ਤੌਰ 'ਤੇ ਅਤੇ 2013 'ਚ ਇੰਗਲੈਂਡ 'ਚ ਹੀ ਚੈਂਪੀਅਨਸ ਟਰਾਫੀ ਦਾ ਖਿਤਾਬ ਆਪਣੇ ਨਾਂ ਕਰ ਚੁੱਕਾ ਹੈ। ਭਾਰਤ ਇਸ ਵਾਰ ਵੀ ਚਾਹੇਗਾ ਕਿ ਉਹ ਖਿਤਾਬ ਜਿੱਤ ਕੇ ਆਸਟ੍ਰੇਲੀਆ ਤੋਂ ਬਾਅਦ ਖਿਤਾਬ ਬਚਾਉਣ ਵਾਲੀ ਦੂਜੀ ਟੀਮ ਬਣੇ।