ਭੁੱਖੇ ਬੱਚੇ ਨੂੰ ਦੇਖ ਪਿਘਲਿਆ ਇਸ ਭਾਰਤੀ ਕ੍ਰਿਕਟ ਦਾ ਦਿਲ, ਆਪਣੇ ਹੱਥਾਂ ਨਾਲ ਖੁਆਇਆ ਖਾਣਾ

01/09/2020 4:31:05 PM

ਨਵੀਂ ਦਿੱਲੀ : ਰਣਜੀ ਟਰਾਫੀ ਵਿਚ ਆਪਣੀ ਗੇਂਦਬਾਜ਼ੀ ਨਾਲ ਵਿਰੋਧੀ ਧਿਰ ਵਿਚ ਤਹਿਲਕਾ ਮਚਾਉਣ ਵਾਲੇ ਇਕਬਾਲ ਅਬਦੁੱਲ੍ਹਾ ਇਨ੍ਹੀ ਦਿਨੀ ਚਰਚਾ 'ਚ ਬਣੇ ਹੋਏ ਹਨ। ਇਕਬਾਲ ਅਬਦੁੱਲ੍ਹਾ ਨੇ ਕੁਝ ਦਿਨ ਪਹਿਲਾਂ ਹੀ ਮੈਦਾਨ 'ਤੇ ਕੁੱਝ ਅਜਿਹਾ ਕੀਤਾ ਜਿਸ ਨੂੰ ਦੇਖ ਅੱਜ ਹਰ ਕੋਈ ਉਸ ਦੀ ਸ਼ਲਾਘਾ ਕਰਨ ਲਈ ਮਜਬੂਰ ਹੈ। ਦਰਅਸਲ, ਇਕਬਾਲ ਅਬਦੁੱਲ੍ਹਾ ਰਣਜੀ ਟਰਾਫੀ ਦੇ ਇਕ ਮੈਚ ਤੋਂ ਪਹਿਲਾਂ ਮੈਦਾਨ 'ਤੇ ਪ੍ਰੈਕਟਿਸ ਕਰ ਰਹੇ ਸੀ। ਇਸ ਦੌਰਾਨ ਉਸ ਦੀ ਨਜ਼ਰ ਇਕ ਬੱਚੇ 'ਤੇ ਪਈ, ਜੋ ਕਈ ਦਿਨਾਂ ਤੋਂ ਭੁੱਖਾ ਦਿਸ ਰਿਹਾ ਸੀ। ਬੱਚੇ ਦੇ ਚਿਹਰੇ ਦੀ ਬੇਚੈਨੀ ਸਾਫ ਦਿਸ ਰਹੀ ਸੀ। ਇਕਬਾਲ ਤੋਂ ਬੱਚੇ ਦੀ ਇਹ ਬੁਰੀ ਹਾਲਤ ਦੇਖੀ ਨਹੀਂ ਗਈ ਅਤੇ ਉਸ ਨੇ ਤੁਰੰਤ ਉਸ ਬੱਚੇ ਨੂੰ ਮੈਦਾਨ 'ਚ ਬੁਲਾਇਆ। ਇਸ ਤੋਂ ਬਾਅਦ ਉਸ ਨੇ ਬੱਚੇ ਲਈ ਕੁਝ ਖਾਣ ਲਈ ਮੰਗਵਾਇਆ। ਯੂ. ਪੀ. ਆਜ਼ਮਗੜ੍ਹ ਦੇ ਰਹਿਣ ਵਾਲੇ ਇਕਬਾਲ ਰਣਜੀ ਟਰਾਫੀ ਦਾ ਇਹ ਸੀਜ਼ਨ ਸਿੱਕਮ ਵੱਲੋਂ ਖੇਡ ਰਹੇ ਹਨ।

ਸਿੱਕਮ ਵੱਲੋਂ ਖੇਡਦਿਆਂ ਹੁਣ ਤਕ ਉਸ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਮੈਦਾਨ 'ਤੇ ਗਰੀਬ ਭੁੱਖੇ ਬੱਚੇ ਨੂੰ ਰੋਟੀ ਖੁਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਅਬਦੁੱਲ੍ਹਾ ਦੀ ਰੱਜ ਕੇ ਸ਼ਲਾਘਾ ਹੋ ਰਹੀ ਹੈ। ਇਕਬਾਲ ਉਸ ਬੱਚੇ ਨੂੰ ਆਪਣੇ ਹੱਥਾਂ ਤੋਂ ਚਾਹ ਪਿਲਾਉਂਦੇ ਦਿਸੇ। ਇਸ ਦੇ ਨਾਲ ਹੀ ਉਸ ਨੇ ਉਸ ਨੂੰ ਖਾਣ ਲਈ ਬ੍ਰੈਡ ਵੀ ਦਿੱਤਾ। ਬੱਚੇ ਨੂੰ ਖਾਣਾ ਖੁਆਉਣ ਵਾਲੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਅਬਦੁੱਲ੍ਹਾ ਦੀ ਇਸ ਤਸਵੀਰ ਨੂੰ ਪ੍ਰਸ਼ੰਸਕ ਵੀ ਕਾਫੀ ਪਸੰਦ ਕਰ ਰਹੇ ਹਨ।

ਅਬਦੁੱਲ੍ਹਾ ਨੂੰ ਭਾਂਵੇ ਹੀ ਅਜੇ ਤਕ ਭਾਰਤ ਵੱਲੋਂ ਖੇਡਣ ਦਾ ਮੌਕਾ ਨਾ ਮਿਲਿਆ ਹੋਵੇ ਪਰ ਆਈ. ਪੀ. ਐੱਲ. ਵਿਚ ਉਹ ਆਪਣੇ ਪ੍ਰਦਰਸ਼ਨ ਤੋਂ ਕਈ ਵਾਰ ਸੁਰਖੀਆਂ ਬਟੋਰ ਚੁੱਕਾ ਹੈ। ਇਕਬਾਲ ਅਬਦੁੱਲ੍ਹਾ ਆਈ. ਪੀ. ਐੱਲ. ਵਿਚ ਆਰ. ਸੀ. ਬੀ. ਰਾਜਸਥਾਨ ਰਾਇਲਜ਼ ਅਤੇ ਕੇ. ਕੇ. ਆਰ. ਦੀ ਟੀਮ ਦਾ ਹਿੱਸਾ ਰਹੇ ਹਨ। ਆਈ. ਪੀ. ਐੱਲ. ਦੇ 49 ਮੈਚਾਂ ਵਿਚ ਇਕਬਾਲ ਨੇ 40 ਵਿਕਟਾਂ ਲਈਆਂ ਹਨ। ਇਸ ਦੇ ਨਾਲ ਹੀ ਉਸ ਨੇ ਹੁਣ ਤਕ 63 ਫਰਸਟ ਕਲਾਸ ਮੈਚ, 87 ਲਿਸਟ ਏ ਮੈਚ ਅਤੇ 94 ਟੀ-20 ਮੈਚ ਖੇਡੇ ਹਨ। ਇਕਬਾਲ ਅਬਦੁੱਲ੍ਹਾ ਦੇ ਨਾਂ 186 ਫਰਸਟ ਕਲਾਸ ਵਿਕਟਾਂ, 121 ਲਿਸਟ ਏ ਵਿਕਟਾਂ ਅਤੇ 81 ਟੀ-20 ਵਿਕਟਾਂ ਹਨ।