BCCI ਤੋਂ ਇਨਾਮ ਦੇ 50 ਲੱਖ ਰੁਪਏ ਤੋਂ ਮੁੰਬਈ ''ਚ ਘਰ ਖਰੀਦੇਗੀ ਇਹ ਕ੍ਰਿਕਟਰ

07/27/2017 6:59:42 PM

ਨਵੀਂ ਦਿੱਲੀ— ਭਾਰਤੀ ਮਹਿਲਾ ਟੀਮ ਦੀ ਖਿਡਾਰਨ ਨੁਜ਼ਹਤ ਪਰਵੀਨ ਬੀ.ਸੀ.ਸੀ.ਆਈ. ਤੋਂ ਇਨਾਮ ਦੇ 50 ਲੱਖ ਰੁਪਏ ਨਾਲ ਮੁੰਬਈ 'ਚ ਆਪਣਾ ਘਰ ਖਰੀਦੇਗੀ। ਵਰਲਡ ਕੱਪ ਦੇ 15 ਮੈਂਬਰੀ ਦਲ 'ਚ ਸ਼ਾਮਲ ਨੁਜ਼ਹਤ ਇਕੱਲੀ ਖਿਡਾਰਨ ਰਹੀ, ਜਿਸ ਨੂੰ ਖੇਡਣ ਦਾ ਮੌਕਾ ਨਹੀਂ ਮਿਲਿਆ। ਮੱਧ ਪ੍ਰਦੇਸ਼ ਦੇ ਸਿੰਗਰੌਲੀ ਦੀ ਇਸ ਕ੍ਰਿਕਟਰ ਨੂੰ ਵਾਧੂ ਵਿਕਟਕੀਪਰ ਦੇ ਤੌਰ 'ਤੇ ਰੱਖਿਆ ਗਿਆ ਸੀ। ਜਦਕਿ ਵਰਲਡ ਕੱਪ ਦੇ ਸਾਰੇ ਮੈਚਾਂ 'ਚ ਸੁਸ਼ਮਾ ਵਰਮਾ ਨਿਯਮਿਤ ਵਿਕਟਕੀਪਰ ਦੀ ਭੂਮਿਕਾ 'ਚ ਰਹੀ ਸੀ।

21 ਸਾਲਾ ਨੁਜ਼ਹਤ ਮਿਡਲ ਕਲਾਸ ਫੈਮਿਲੀ ਤੋਂ ਆਉਂਦੀ ਹੈ। ਉਨ੍ਹਾਂ ਦੇ ਪਿਤਾ ਮਸੀਹ ਆਲਮ ਕੋਲ ਮਾਈਨ 'ਚ ਮਸ਼ੀਨ ਆਪਰੇਟਰ ਹਨ। ਉਨ੍ਹਾਂ ਕਿਹਾ, ''ਮੇਰੀ ਬੇਟੀ ਇਨ੍ਹਾਂ ਦਿਨਾਂ 'ਚ ਰੇਲਵੇ 'ਚ ਨੌਕਰੀ ਕਰ ਰਹੀ ਹੈ ਅਤੇ ਮੁੰਬਈ 'ਚ ਕਿਰਾਏ ਦੇ ਫਲੈਟ 'ਚ ਰਹਿੰਦੀ ਹੈ। ਬੀ.ਸੀ.ਸੀ.ਆਈ. ਦੀ ਇਨਾਮੀ ਰਾਸ਼ੀ ਨਾਲ ਉਹ ਹੁਣ ਆਪਣਾ ਘਰ ਖਰੀਦਣ ਦੇ ਬਾਰੇ ਵਿਚ ਸੋਚ ਸਕਦੀ ਹੈ। ਹਾਲਾਂਕਿ ਮੁੰਬਈ ਜਿਹੇ ਮਹਾਨਗਰ 'ਚ ਘਰ ਖਰੀਦਣਾ ਸੌਖਾ ਨਹੀਂ ਹੈ ਪਰ ਮੈਂ ਉਸ ਨੂੰ ਘਰ ਖਰੀਦਣ 'ਚ ਮਦਦ ਕਰਾਂਗਾ।''

ਨੁਜ਼ਹਤ ਦੇ ਕੋਚ ਅਨਿਲ ਏਂਥੋਨੀ ਉਨ੍ਹਾਂ ਨੂੰ ਨਹੀਂ ਖਿਡਾਉਣ ਦੇ ਫੈਸਲੇ ਨੂੰ ਸਹੀ ਦਸਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਲਗਾਤਾਰ ਚੰਗਾ ਖੇਡ ਰਹੇ ਪਲੇਇੰਗ ਇਲੈਵਨ 'ਚ ਬਦਲਾਅ ਜ਼ਰੂਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਨੁਜ਼ਹਤ ਲਈ ਭਵਿੱਖ 'ਚ ਕਈ ਅਜਿਹੇ ਮੌਕੇ ਮਿਲਣਗੇ। ਉਸ ਨੂੰ ਹੁਣ ਅਗਲੇ ਵਰਲਡ ਕੱਪ 'ਚ ਖੇਡਣ ਦੇ ਟੀਚੇ ਵੱਲ ਦੇਖਣਾ ਚਾਹੀਦਾ ਹੈ। ਨੁਜ਼ਹਤ ਨੇ ਭਾਰਤ ਵੱਲੋਂ ਅਜੇ ਤੱਕ ਇਕ ਵਨਡੇ ਅਤੇ ਤਿੰਨ ਟੀ 20 ਮੈਚ ਖੇਡੇ ਹਨ।