25 ਦਿਨ ਦੇ ਅੰਦਰ ਬਣਾਇਆ ਗੱਬਰ ਨੇ ਇਹ ਵੱਡਾ ਰਿਕਾਡ

08/20/2017 10:56:29 PM

ਦਾਂਬੁਲਾ— ਭਾਰਤ ਅਤੇ ਸ਼੍ਰੀਲੰਕਾ 'ਚ ਖੇਡੇ ਜਾ ਰਹੇ ਵਨਡੇ ਮੈਚ 'ਚ ਸ਼ਿਖਰ ਧਵਨ ਦੀ ਸ਼ਾਨਦਾਰ ਫਾਰਮ ਜਾਰੀ ਰਹੀ ਹੈ। ਜ਼ਬਰਦਸਤ ਫਾਰਮ 'ਚ ਖੇਡ ਰਹੇ ਓਪਨਰ ਸ਼ਿਖਰ ਧਵਨ (ਅਜੇਤੂ 132) ਦੇ ਤੂਫਾਨੀ ਸੈਂਕੜੇ ਤੇ ਉਸਦੀ ਕਪਤਾਨ ਵਿਰਾਟ ਕੋਹਲੀ (ਅਜੇਤੂ 82) ਨਾਲ ਦੂਜੀ ਵਿਕਟ ਲਈ 197 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਸ਼੍ਰੀਲੰਕਾ ਨੂੰ ਪਹਿਲੇ ਵਨਡੇ 'ਚ ਐਤਵਾਰ ਨੂੰ 9 ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ।  ਸ਼ਿਖਰ ਨੇ ਟੈਸਟ ਸੀਰੀਜ਼ ਦੀ ਆਪਣੀ ਜ਼ਬਰਦਸਤ ਫਾਰਮ ਨੂੰ ਪਹਿਲੇ ਵਨਡੇ 'ਚ ਵੀ ਬਰਕਰਾਰ ਰੱਖਦਿਆਂ ਭਾਰਤ ਨੂੰ ਇਕਤਰਫਾ ਜਿੱਤ ਦਿਵਾ ਦਿੱਤੀ। ਸ਼ਿਖਰ ਨੇ 90 ਗੇਂਦਾਂ 'ਤੇ 132 ਦੌੜਾਂ ਵਿਚ 20 ਚੌਕੇ ਤੇ 3 ਛੱਕੇ ਲਗਾਏ।


25 ਦਿਨ 'ਚ ਸ਼੍ਰੀਲੰਕਾਈ ਦੌਰੇ 'ਤੇ ਤੀਸਰਾ ਸੈਂਕੜਾ
ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ 'ਚ 2 ਅਤੇ ਹੁਣ ਦਾਂਬੁਲਾ 'ਚ ਖੇਡੇ ਗਏ ਪਹਿਲੇ ਵਨਡੇ 'ਚ ਸੈਂਕੜਾ ਲਗਾਕੇ ਸ਼ਿਖਰ ਧਵਨ ਨੇ ਇਸ ਸ਼੍ਰੀਲੰਕਾਈ ਦੌਰੇ 'ਤੇ 25 ਦਿਨਾਂ 'ਚ ਤੀਸਰਾ ਸੈਂਕੜਾ ਲਗਾਉਣ ਦਾ ਕਾਰਨਾਮਾ ਕੀਤਾ ਹੈ। ਸ਼੍ਰੀਲੰਕਾ 'ਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲਾ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਰੋਹਿਤ ਦੇ ਜਲਦੀ ਆਊਟ ਹੋਣ ਤੋਂ ਬਾਅਦ ਧਵਨ ਤੇਜ਼ੀ ਨਾਲ ਦੌੜਾਂ ਬਣਾਉਦੇ ਰਹੇ। ਇਸ ਦੌਰਾਨ ਧਵਨ ਨੂੰ ਕੋਹਲੀ ਦਾ ਵਧੀਆ ਸਾਥ ਮਿਲਿਆ ਅਤੇ ਦੋਵਾਂ ਨੇ ਸ਼੍ਰੀਲੰਕਾ ਖਿਲਾਫ ਧਮਾਕੇਦਾਰ ਬੱਲੇਬਾਜ਼ੀ ਕੀਤੀ।