ਇਸ ਬੱਲੇਬਾਜ਼ ਨੇ 18 ਮਹੀਨੇ ''ਚ 9 ਸੈਂਕੜੇ ਤੇ 19 ਅਰਧ ਸੈਂਕੜੇ ਬਣਾ ਕੇ ਮਚਾ ਦਿੱਤੀ ਸੀ ਸਨਸਨੀ

10/14/2017 10:53:32 AM

ਨਵੀਂ ਦਿੱਲੀ(ਬਿਊਰੋ)— ਭਾਰਤੀ ਟੀਮ ਦੇ ਇਕ ਸਮੇਂ ਸਭ ਤੋਂ ਭਰੋਸੇਮੰਦ ਬੱਲੇਬਾਜ਼ ਗੌਤਮ ਗੰਭੀਰ ਪਿਛਲੇ ਕਾਫ਼ੀ ਸਮੇਂ ਤੋਂ ਟੀਮ ਤੋਂ ਬਾਹਰ ਚੱਲ ਰਹੇ ਹਨ। ਉਨ੍ਹਾਂ ਨੇ ਆਪਣਾ ਆਖਰੀ ਕੌਮਾਂਤਰੀ ਮੈਚ ਕਰੀਬ ਇਕ ਸਾਲ ਪਹਿਲਾਂ ਨਵੰਬਰ 2016 ਵਿਚ ਇੰਗਲੈਂਡ ਵਿਰੁੱਧ ਖੇਡਿਆ ਸੀ। ਉਦੋਂ ਤੋਂ ਉਹ ਭਾਰਤੀ ਟੀਮ ਵਿਚ ਆਪਣੀ ਵਾਰੀ ਆਉਣ ਦਾ ਇੰਤਜਾਰ ਕਰ ਰਹੇ ਹਨ। 14 ਅਕਤੂਬਰ 1981 ਨੂੰ ਜੰਮੇ ਗੌਤਮ ਗੰਭੀਰ ਖੇਡ ਦੇ ਇਲਾਵਾ ਆਪਣੀ ਸਮਾਜਿਕ ਗਤੀਵਿਧੀਆਂ ਨੂੰ ਲੈ ਕੇ ਵੀ ਚਰਚਾ ਵਿੱਚ ਰਹਿੰਦੇ ਹਨ। ਹੁਣ ਹਾਲ ਵਿਚ ਉਨ੍ਹਾਂ ਨੇ ਜੰਮੂ-ਕਸ਼ਮੀਰ  ਵਿਚ ਸ਼ਹੀਦ ਹੋਏ ਇੱਕ ਫੌਜੀ ਦੀ ਬੇਟੀ ਦੀ ਪੜ੍ਹਾਈ ਦੇ ਖਰਚ ਦੀ ਜ਼ਿੰਮੇਦਾਰੀ ਲੈਣ ਦੀ ਗੱਲ ਕਹੀ ਸੀ।

ਲਾ-ਜਵਾਬ ਰਿਹਾ ਪ੍ਰਦਰਸ਼ਨ
ਗੌਤਮ ਭਾਵੇਂ ਹੁਣ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਹੋਣ, ਪਰ ਇੱਕ ਸਮਾਂ ਅਜਿਹਾ ਸੀ, ਜਦੋਂ ਉਨ੍ਹਾਂ ਦੇ ਬਿਨਾਂ ਭਾਰਤ ਦੀ ਕ੍ਰਿਕਟ ਟੀਮ ਦੀ ਕਲਪਨਾ ਵੀ ਮੁਸ਼ਕਲ ਸੀ। ਇਸਦਾ ਕਾਰਨ ਸੀ, ਉਨ੍ਹਾਂ ਦਾ ਲਾਜਵਾਬ ਬੱਲੇਬਾਜ਼ੀ ਪ੍ਰਦਰਸ਼ਨ। 2003 ਵਿਚ ਆਪਣੇ ਕੌਮਾਂਤਰੀ ਕ੍ਰਿਕਟ ਕਰੀਅਰ ਦਾ ਆਗਾਜ ਕਰਨ ਵਾਲੇ ਗੌਤਮ ਗੰਭੀਰ ਨੇ ਸਾਰੇ ਫਾਰਮੈਟਾਂ ਵਿਚ ਕੁਲ 242 ਮੈਚ ਖੇਡੇ। ਇਸ ਵਿਚ ਉਨ੍ਹਾਂ ਨੇ 10324 ਦੌੜਾਂ ਬਣਾਈਆਂ ਪਰ ਇਕ ਸਮਾਂ ਅਜਿਹਾ ਆਇਆ ਜਦੋਂ ਗੰਭੀਰ ਆਪਣੇ ਕਰਿਅਰ ਦੇ ਪ੍ਰਚੰਡ ਫ਼ਾਰਮ ਵਿੱਚ ਸਨ।
ਇਹ ਸਮਾਂ ਸੀ ਜੁਲਾਈ 2008 ਤੋਂ ਜਨਵਰੀ 2010 ਦਾ। ਇਸ ਦੌਰਾਨ ਗੌਤਮ ਨੇ ਕ੍ਰਿਕਟ ਦੇ ਤਿੰਨਾਂ ਫਾਰਮੈਟਾਂ (ਟੈਸਟ, ਵਨਡੇ, ਟੀ-20) ਦੀਆਂ 78 ਪਾਰੀਆਂ ਵਿਚ 3384 ਦੌੜਾਂ ਬਣਾਈਆਂ ਸਨ। ਇਸ 18 ਮਹੀਨੇ ਦੌਰਾਨ ਗੌਤਮ ਨੇ 9 ਸੈਂਕੜੇ ਅਤੇ 19 ਅਰਧ ਸੈਂਕੜੇ ਲਗਾਏ ਸਨ। ਇਸ ਵਿਚ ਇਕ ਦੋਹਰਾ ਸੈਂਕੜਾ ਵੀ ਸ਼ਾਮਲ ਹੈ, ਜੋ ਉਨ੍ਹਾਂ ਨੇ ਆਸਟਰੇਲੀਆ ਖਿਲਾਫ ਦਿੱਲੀ ਟੈਸਟ ਵਿਚ ਬਣਾਇਆ।

ਦੋ ਵਿਸ਼ਵ ਕੱਪ ਦੇ ਫਾਈਨਲ ਵਿਚ ਸ਼ਾਨਦਾਰ ਬੱਲੇਬਾਜ਼ੀ
ਦੱਖਣ ਅਫਰੀਕਾ ਵਿਚ ਹੋਏ ਪਹਿਲੇ ਟੀ-20 ਵਿਸ਼ਵ ਕੱਪ ਵਿਚ ਜੇਕਰ ਭਾਰਤ ਨੇ ਖਿਤਾਬੀ ਜਿੱਤ ਦਰਜ ਕੀਤੀ ਤਾਂ ਇਸਦੇ ਪਿੱਛੇ ਵੱਡਾ ਕਾਰਨ ਗੌਤਮ ਗੰਭੀਰ ਦੀ ਬੱਲੇਬਾਜ਼ੀ ਵੀ ਰਹੀ। ਉਨ੍ਹਾਂ ਨੇ ਇਸ ਟੂਰਨਾਮੈਂਟ ਵਿਚ 3 ਅਰਧ ਸੈਂਕੜੇ ਲਗਾਏ। ਇਸ ਵਿਚ ਫਾਈਨਲ ਵਿਚ ਪਾਕਿਸਤਾਨ ਵਿਰੁੱਧ ਖੇਡੀ ਗਈ 75 ਦੌੜਾਂ ਦੀ ਪਾਰੀ ਵੀ ਸ਼ਾਮਲ ਹੈ। ਇਸਦੇ ਇਲਾਵਾ 2011 ਦੇ ਵਿਸ਼ਵ ਕੱਪ ਫਾਈਨਲ ਵਿਚ ਵੀ ਉਨ੍ਹਾਂ ਨੇ ਸ਼੍ਰੀਲੰਕਾ ਖਿਲਾਫ ਸਭ ਤੋਂ ਵੱਡੀ ਪਾਰੀ ਖੇਡੀ। ਇਸ ਮੈਚ ਵਿੱਚ ਉਨ੍ਹਾਂ ਨੇ 97 ਦੌੜਾਂ ਦੀ ਪਾਰੀ ਖੇਡੀ।

ਟੈਸਟ ਵਿਚ ਨਾਕਾਮੀ ਬਣੀ ਬਾਹਰ ਜਾਣ ਦੀ ਵੱਡੀ ਵਜ੍ਹਾ
ਜੇਕਰ ਗੌਤਮ ਗੰਭੀਰ ਨੇ ਸਾਰੇ ਫਾਰਮੈਟਾਂ ਵਿਚ ਜ਼ੋਰਦਾਰ ਬੱਲੇਬਾਜ਼ੀ ਨਾਲ ਸਾਰਿਆਂ ਨੂੰ ਆਪਣਾ ਦੀਵਾਨਾ ਬਣਾਇਆ ਤਾਂ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਨ੍ਹਾਂ ਦੇ ਬੱਲੇ ਤੋਂ ਦੌੜਾਂ ਨਿਕਣੀਆਂ ਬੰਦ ਹੋ ਗਈਆਾਂ ਸਨ। ਜਨਵਰੀ 2010 ਵਿਚ ਟੈਸਟ ਮੈਚ ਵਿੱਚ ਬੰਗਲਾਦੇਸ਼ ਖਿਲਾਫ ਸੈਂਕੜਾ ਬਣਾਉਣ ਦੇ ਬਾਅਦ ਗੌਤਮ ਗੰਭੀਰ ਆਪਣੀ ਫ਼ਾਰਮ ਖੋਹ ਬੈਠੇ। ਇਸਦੇ ਬਾਅਦ ਉਨ੍ਹਾਂ ਨੇ ਕਰੀਬ 46 ਟੈਸਟ ਪਾਰੀਆਂ ਖੇਡੀਆਂ, ਪਰ ਕੋਈ ਵੱਡੀ ਪਾਰੀ ਨਹੀਂ ਖੇਡ ਸਕੇ। ਇਸਦੇ ਬਾਅਦ ਉਨ੍ਹਾਂ ਨੂੰ 2012 ਵਿਚ ਟੀਮ ਤੋਂ ਡਰਾਪ ਕਰ ਦਿੱਤਾ ਗਿਆ।