ਕੋਲਕਾਤਾ 'ਚ ਫਸਿਆ ਇਹ ਬੰਗਲਾਦੇਸ਼ੀ ਖਿਡਾਰੀ, ਜੁਰਮਾਨਾ ਦੇ ਕੇ ਜਾਣਾ ਪਿਆ ਘਰ

11/28/2019 4:46:01 PM

ਕੋਲਕਾਤਾ : ਬੰਗਲਾਦੇਸ਼ ਦਾ ਕ੍ਰਿਕਟਰ ਸੈਫ ਹਸਨ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀਂ ਭਾਰਤ ਵਿਚ ਰੁਕੇ ਰਹੇ ਜਿਸ ਕਾਰਨ ਉਸ ਨੂੰ ਬੁੱਧਵਾਰ ਨੂੰ ਵਤਨ ਪਰਤਦੇ ਸਮੇਂ 21,600 ਰੁਪਏ ਦਾ ਜੁਰਮਾਨਾ ਦੇਣਾ ਪਿਆ। ਹਸਨ ਟੈਸਟ ਟੀਮ ਦੇ ਨਾਲ 2 ਮੈਚਾਂ ਦੀ ਸੀਰੀਜ਼ ਲਈ ਬਦਲ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਭਾਰਤ ਆਏ ਸਨ ਜਿਸ ਨੂੰ ਬੰਗਲਾਦੇਸ਼ ਨੇ 0-2 ਨਾਲ ਗੁਆ ਦਿੱਤਾ। ਉਂਗਲ ਦੀ ਸੱਟ ਕਾਰਣ ਕੋਲਕਾਤਾ ਟੈਸਟ ਤੋਂ ਬਾਹਰ ਬੈਠਣ ਵਾਲੇ ਹਸਨ ਦੇ ਵੀਜ਼ੇ ਦਾ 6 ਮਹੀਨੇ ਦਾ ਸਮਾਂ ਖਤਮ ਹੋ ਗਿਆ ਸੀ।

ਬੰਗਲਾਦੇਸ਼ ਦੇ ਹਾਈ ਕਮਿਸ਼ਨਰ ਤੌਫੀਕ ਹਸਨ ਨੇ ਮੀਡੀਆ ਨੂੰ ਕਿਹਾ, ''ਉਸਦੇ (ਹਸਨ) ਵੀਜ਼ੇ ਦੀ ਮਿਆਦ 2 ਦਿਨ ਪਹਿਲਾਂ ਹੀ ਖਤਮ ਹੋ ਗਈ ਸੀ ਅਤੇ ਉਸ (ਸੈਫ ਹਸਨ) ਨੂੰ ਏਅਰਪੋਰਟ 'ਤੇ ਹੀ ਇਸ ਦਾ ਪਤਾ ਚੱਲਿਆ। ਉਹ ਬੁੱਕ ਕੀਤੀ ਗਈ ਫਲਾਈਟ ਵਿਚ ਵੀ ਸਵਾਰ ਨਹੀਂ ਹੋ ਸਕੇ। ਜ਼ਿਆਦਾ ਸਮੇਂ ਤਕ ਰੁਕਣ ਲਈ ਨਿਯਮਾਂ ਮੁਤਾਬਕ ਉਸ ਨੂੰ ਜੁਰਮਾਨਾ ਭਰਨਾ ਪਿਆ। ਅਸੀਂ ਭਾਰਤੀ ਹਾਈ ਕਮਿਸ਼ਨ ਦੇ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਵੀਜ਼ੇ ਦੀ ਪ੍ਰਕਿਰਿਆ ਨੂੰ ਜਲਦੀ ਪੂਰਾ ਕਰ ਦਿੱਤਾ ਅਤੇ ਉਸ ਨੂੰ ਆਪਣੇ ਦੇਸ਼ ਪਰਤਣ ਦੀ ਮੰਜ਼ੂਰੀ ਦੇ ਦਿੱਤੀ। ਉਹ ਕਲ (ਬੁੱਧਵਾਰ) ਘਰ ਲਈ ਰਵਾਨਾ ਹੋ ਗਿਆ ਹੈ।''