ਇਨ੍ਹਾਂ ਕ੍ਰਿਕਟਰਾਂ ’ਤੇ ਵੀ ਟੁੱਟਿਆ ਕੋਰੋਨਾ ਦਾ ਕਹਿਰ, ਖਤਮ ਹੋ ਸਕਦੈ ਕਰੀਅਰ

04/01/2020 5:31:46 PM

ਨਵੀਂ ਦਿੱਲੀ : ਐੱਮ. ਐੱਸ. ਧੋਨੀ, ਏ. ਬੀ. ਡਿਵਿਲੀਅਰਜ਼ ਵਰਗੇ ਕੁਝ ਧਾਕੜ ਕ੍ਰਿਕਟਰਸ ਦੇ ਲਈ ਆਈ. ਪੀ. ਐੱਲ. ਟੀ-20 ਵਰਲਡ ਕੱਪ 2020 ਦੇ ਲਈ ਆਪਣੇ ਦੇਸ਼ ਦੀ ਟੀਮ ਵਿਚ ਜਗ੍ਹਾ ਬਣਾਉਣ ਦਾ ਇਕਲੌਤਾ ਰਸਤਾ ਹੈ ਪਰ ਕੋਰੋਨਾ ਵਾਇਰਸ ਕਾਰਨ ਆਈ. ਪੀ. ਐੱਲ. ਨੂੰ 15 ਅਪ੍ਰੈਲ ਤਕ ਲਈ ਟਾਲ ਦਿੱਤਾ ਗਿਆ ਹੈ। ਜਿਸ ਨਾਲ ਕੁਝ ਕ੍ਰਿਕਟਰਸ ਦਾ ਕਰੀਅਰ ਖਤਰੇ ’ਚ ਪੈ ਗਿਆ ਹੈ। ਪਿਛਲੇ ਸਾਲ ਹੋਏ ਵਨ ਡੇ ਵਰਲਡ ਕੱਪ ਦੇ ਬਾਅਦ ਤੋਂ ਹੀ ਧੋਨੀ ਕ੍ਰਿਕਟ ਤੋਂ ਦੂਰ ਹਨ ਅਤੇ ਨੈਸ਼ਨਲ ਟੀਮ ਵਿਚ ਵਾਪਸੀ ਕਰਨ ਲਈ ਉਸ ਦੇ ਕੋਲ ਆਈ. ਪੀ. ਐੱਲ. ਹੀ ਇਕ ਮੌਕਾ ਹੈ। ਆਈ. ਪੀ. ਐੱਲ. ਦੇ ਪ੍ਰਦਰਸ਼ਨ ’ਤੇ ਧੋਨੀ ਦਾ ਭਵਿੱਖ ਟਿਕਿਆ ਹੋਇਆ ਹੈ ਪਰ ਹੁਣ ਉਸ ਦੀ ਵਾਪਸੀ ਦੀ ਸੰਭਾਵਨਾ ਨਾ ਦੇ ਬਰਾਬਰ ਨਜ਼ਰ ਆ ਰਹੀ ਹੈ। ਧੋਨੀ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਹਨ।

ਏ. ਬੀ. ਡਿਵਿਲੀਅਰਜ਼

ਸਾਲ 2018 ਵਿਚ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਏ. ਬੀ. ਡਿਵਿਲੀਅਰਜ਼ ਟੀ-20 ਵਰਲਡ ਕੱਪ ਦੇ ਲਈ ਸੰਨਿਆਸ ਤੋਂ ਵਾਪਸੀ ਕਰਨਾ ਚਾਹੁੰਦੇ ਹਨ ਪਰ ਲੰਬੇ ਸਮੇਂ ਤਕ ਕੌਮਾਂਤਰੀ ਕ੍ਰਿਕਟ ਤੋਂ ਦੂਰ ਰਹੇ ਏ. ਬੀ. ਨੂੰ ਇਸ ਤੋਂ ਪਹਿਲਾਂ ਖੁਦ ਨੂੰ ਸਾਬਤ ਕਰਨਾ ਹੋਵੇਗਾ ਅਤੇ ਆਈ. ਪੀ. ਐਲ. ਹੀ ਉਸ ਦੇ ਕੋਲ ਆਖਰੀ ਮੌਕਾ ਹੈ। ਇੱਥੇ ਕੀਤਾ ਗਿਆ ਪ੍ਰਦਰਸ਼ਨ ਹੀ ਉਸ ਦੇ ਟੀ-20 ਵਰਲਡ ਕੱਪ ’ਚ ਵਾਪਸੀ ਦੇ ਇਰਾਦਿਆਂ ’ਤੇ ਫੈਸਲਾ ਕਰੇਗਾ। ਡਿਵਿਲੀਅਰਜ਼ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੰਜਰਜ਼ ਬੈਂਗਲੁਰੂ ਟੀਮ ਦਾ  ਅਹਿਮ ਹਿੱਸਾ ਹਨ।

ਲਸਿਥ ਮਲਿੰਗਾ

ਮੁੰਬਈ ਇੰਡੀਅਨਜ਼ ਦੇ ਸਟਾਰ ਅਤੇ ਤਜ਼ਰਬੇਕਾਰ ਗੇਂਦਬਾਜ਼ 36 ਸਾਲ ਲਸਿਥ ਮਲਿੰਗਾ ਨੇ ਸ਼੍ਰੀਲੰਕਾ ਟੀਮ ਦੇ ਲਈ ਆਖਰੀ ਟੈਸਟ 2010, ਆਖਰੀ ਵਨ ਡੇ 2019 ਵਿਚ ਖੇਡਿਆ ਸੀ। ਉਸ ਨੇ ਆਪਣਾ ਪਿਛਲਾ ਟੀ-20 ਮੁਕਾਬਲਾ ਮਾਰਚ ਵਿਚ ਖੇਡਿਆ ਸੀ। ਆਈ. ਪੀ. ਐੱਲ. ਦਾ ਪ੍ਰਦਰਸ਼ਨ ਵਰਲਡ ਕੱਪ ਟੀਮ ਵਿਚ ਉਸ ਦੀ ਜਗ੍ਹਾ ਤੈਅ ਕਰੇਗਾ। ਉਸ ਦੀ ਫਾਰਮ ਨੂੰ ਦੇਖਦਿਆਂ ਉਸ ’ਤੇ ਵੀ ਸੰਨਿਆਸ ਦਾ ਦਬਾਅ ਬਣਨ ਲੱਗਾ ਹੈ।

ਡੇਲ ਸਟੇਨ

ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਤੇਜ਼ ਗੇਂਦਬਾਜ਼ ਡੇਲ ਸਟੇਨ ਦਾ ਕਰੀਅਰ ਵੀ ਸੱਟਾਂ ਨਾਲ ਭਰਿਆ ਰਿਹਾ ਹੈ। ਉਸ ਨੇ ਕੁਝ ਸਮੇਂ ਪਹਿਲਾਂ ਹੀ ਸੱਟ ਤੋਂ ਉਭਰ ਕੇ ਕੌਮਾਂਤਰੀ ਕ੍ਰਿਕਟ ਵਿਚ ਵਾਪਸੀ ਕੀਤੀ ਸੀ ਅਤੇ ਉਸ ਦੀ ਕੋਸ਼ਿਸ਼ ਜ਼ਿਆਦਾ ਤੋਂ ਜ਼ਿਆਦਾ ਟੂਰਨਾਮੈਂਟ ਖੇਡ ਕੇ ਆਪਣੇ ਕਰੀਅਰ ਨੂੰ ਥੋੜਾ ਹੋਰ ਲੰਬਾ ਖਿੱਚਣਾ ਸੀ ਪਰ ਕੋਰੋਨਾ ਵਾਇਰਸ ਕਾਰਨ ਸਾਰੇ ਮੈਚਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਪਹਿਲਾਂ ਹੀ ਪੀ. ਐੱਸ. ਐੱਲ. ਵਿਚਾਲੇ ਮੁਲਤਵੀ ਅਤੇ ਫਿਰ ਆਈ. ਪੀ. ਐੱਲ. ਦੇ ਮੁਲਤਵੀ ਹੋਣ ਨਾਲ ਉਸ ਦੇ ਕਰੀਅਰ ਨੂੰ ਝਟਕਾ ਲੱਗਿਆ ਹੈ। ਇਸ ਮਹਾਮਾਰੀ ਕਾਰਨ ਕ੍ਰਿਕਟ ਮੈਚ ਨਾ ਹੋਣ ਨਾਲ ਡੇਲ ਸਟੇਨ ਕਾਫੀ ਨਿਰਾਸ਼ ਵੀ ਹਨ।

ਕ੍ਰਿਸ ਗੇਲ

40 ਸਾਲਾ ਕੈਰੇਬੀਆਈ ਬੱਲੇਬਾਜ਼ ਕ੍ਰਿਸ ਗੇਲ ਦਾ ਕਰੀਅਰ ਆਖਰੀ ਪੜਾਅ ’ਤੇ ਹੈ। ਉਸ ਨੇ ਪਿਛਲੇ ਸਾਲ ਹੀ ਐਲਾਨ ਕਰ ਦਿੱਤਾ ਸੀ ਕਿ 2019 ਵਰਲਡ ਕੱਪ ਉਸ ਦਾ ਆਖਰੀ ਟੂਰਨਾਮੈਂਟ ਹੈ ਪਰ ਇਸ ਤੋਂ ਬਾਅਦ ਉਸ ਨੇ ਆਪਣੇ ਫੈਸਲੇ ਨੂੰ ਬਦਲ ਦਿੱਤਾ। ਹਾਲਾਂਕਿ ਅਗਸਤ 2019 ਤੋਂ ਬਾਅਦ ਉਸ ਨੂੰ ਨੈਸ਼ਨਲ ਟੀਮ ਵਿਚ ਵੀ ਨਹੀਂ ਜਗ੍ਹਾ ਮਿਲੀ ਪਰ ਉਸ ਦੀ ਕੋਸ਼ਿਸ਼ ਆਪਣੇ ਕਰੀਅਰ ਦਾ ਆਖਰੀ ਟੀ-20 ਵਰਲਡ ਕੱਪ ਖੇਡਣ ਦੀ ਹੈ ਅਤੇ ਇਸ ਦੇ ਲਈ ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਮੈਚ ਖੇਡਣੇ ਹੋਣਗੇ। ਖੁਦ ਨੂੰ ਸਾਬਤ ਕਰਨ ਦੇ ਲਈ ਉਸ ਦੇ ਕੋਲ ਵੀ ਧੋਨੀ ਅਤੇ ਡਿਵਿਲੀਅਰਜ਼ ਦੀ ਤਰ੍ਹਾਂ ਆਈ. ਪੀ. ਐੱਲ. ਹੀ ਇਕਲੌਤਾ ਰਸਤਾ ਹੈ। ਗੇਲ ਕਿੰਗਸ ਇਲੈਵਨ ਪੰਜਾਬ ਵਿਚ ਹਨ।

Ranjit

This news is Content Editor Ranjit