ਇਹ 5 ਅਜਿਹੇ ਫੈਕਟਰ ਜੋ ਵਿਰਾਟ ਬ੍ਰੀਗੇਡ ਨੂੰ ਕੰਗਾਰੂਆਂ ਖਿਲਾਫ ਮੁਸ਼ਕਲ ''ਚ ਫਸਾਉਣਗੇ

09/14/2017 10:09:25 AM

ਨਵੀਂ ਦਿੱਲੀ— ਸ਼੍ਰੀਲੰਕਾ ਦੌਰੇ ਵਿਚ 9-0 ਨਾਲ ਮਿਲੀ ਜਿੱਤ ਨਾਲ ਵਿਰਾਟ ਬ੍ਰੀਗੇਡ ਦੇ ਹੌਂਸਲੇ ਬੁਲੰਦ ਹਨ। ਹੁਣ ਭਾਰਤੀ ਟੀਮ ਨੂੰ ਆਸਟਰੇਲੀਆਈ ਚੁਣੌਤੀ ਦਾ ਸਾਹਮਣਾ ਕਰਨਾ ਹੈ। ਪੰਜ ਵਨਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਵਨਡੇ 17 ਸਤੰਬਰ ਨੂੰ ਚੇਨਈ ਵਿਚ ਖੇਡਿਆ ਜਾਵੇਗਾ। ਇੱਥੇ ਮੰਗਲਵਾਰ ਨੂੰ ਕੰਗਾਰੂਆਂ ਨੇ ਖੂਬ ਅਭਿਆਸ ਕੀਤਾ ਅਤੇ ਬੋਰਡ ਪ੍ਰੈਸੀਡੈਂਟ ਇਲੈਵਨ ਨੂੰ 103 ਦੌੜਾਂ ਨਾਲ ਹਰਾਇਆ। ਇਸ ਸੀਰੀਜ਼ ਵਿਚ ਭਾਰਤੀ ਟੀਮ ਨੂੰ ਹੋਮ ਐਡਵਾਂਟੇਜ਼ ਜਰੂਰ ਮਿਲੇਗਾ, ਪਰ ਕੰਗਾਰੂਆਂ ਖਿਲਾਫ ਮੁਕਾਬਲੇ ਆਸਾਨ ਨਹੀਂ ਹੋਣਗੇ। ਨਜ਼ਰ ਪਾਉਂਦੇ ਹਾਂ ਵਿਰਾਟ ਬ੍ਰੀਗੇਡ ਲਈ ਇਹ ਸੀਰੀਜ ਅਸਲੀ ਪ੍ਰੀਖਿਆ ਕਿਉਂ ਮੰਨੀ ਜਾ ਰਹੀ ਹੈ।
1. ਭਾਰਤ ਦੀਆਂ ਪਰਿਸਥਿਤੀਆਂ ਤੋਂ ਅਣਜਾਣ ਨਹੀਂ ਕੰਗਾਰੂ
14 ਮੈਂਬਰੀ ਆਸਟਰੇਲੀਆਈ ਸਕਵਾਡ ਵਿਚ 8 ਅਜਿਹੇ ਖਿਡਾਰੀ ਹਨ, ਜੋ ਭਾਰਤ ਦੀਆਂ ਪਰੀਸਥਿਤੀਆਂ ਤੋਂ ਵਾਕਿਫ ਹਨ। ਸਭ ਤੋਂ ਵਧ ਕੇ ਡੇਵਿਡ ਵਾਰਨਰ, ਐਰਾਨ ਫਿੰਚ, ਗਲੇਨ ਮੈਕਸਵੇਲ ਅਤੇ ਜੇਮਸ ਫਾਕਨਰ ਨੇ ਆਈ.ਪੀ.ਐਲ. ਵਿਚ ਆਪਣਾ ਦਮ ਵਿਖਾਇਆ ਹੈ।
2. ਭਾਰਤੀ ਸਪਿਨ ਹਮਲੇ ਕੋਲ ਘੱਟ ਤਜ਼ਰਬਾ
ਭਾਰਤ ਦੇ ਦੋਨਾਂ ਸਪਿਨਰਾਂ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਟੈਸਟ ਰੈਂਕਿੰਗ ਵਿਚ ਚੋਟੀ ਉੱਤੇ ਰਹੇ ਹਨ, ਪਰ ਵਨਡੇ ਵਿਚ ਉਨ੍ਹਾਂ ਦਾ ਪ੍ਰਦਰਸ਼ਨ ਵਧੀਆ ਨਹੀਂ ਰਿਹਾ ਹੈ। ਕਈ ਵਾਰ ਤਾਂ ਅਸ਼ਵਿਨ ਦੇ ਹਿੱਸੇ ਇਕ ਵੀ ਵਿਕਟ ਨਹੀਂ ਆਇਆ। ਅਕਸ਼ਰ ਪਟੇਲ, ਯਜੁਵੇਂਦਰ ਚਹਿਲ ਅਤੇ ਕੁਲਦੀਪ ਯਾਦਵ ਨੂੰ ਘੱਟ ਮੌਕੇ ਮਿਲੇ ਹਨ। ਇਨ੍ਹਾਂ ਤਿੰਨਾਂ ਦਾ ਘੱਟ ਤਜ਼ਰਬਾ ਟੀਮ ਲਈ ਸੰਕਟ ਬਣ ਸਕਦਾ ਹੈ।
3. ਸਪਿਨ ਉੱਤੇ ਹੱਥ ਖੋਲ੍ਹਣ ਵਿਚ ਪਿੱਛੇ ਨਹੀਂ ਆਸਟਰੇਲੀਆਈ
ਸਟੀਵ ਸਮਿਥ ਸਪਿਨ ਦੇ ਜ਼ਬਰਦਸਤ ਬੱਲੇਬਾਜ਼ ਦੇ ਰੂਪ ਵਿਚ ਉਭਰੇ ਹਨ। ਅਜਿਹੇ ਵਿਚ ਸਪਿਨਰਾਂ ਖਿਲਾਫ ਉਨ੍ਹਾਂ ਦੀ ਬੱਲੇਬਾਜੀ ਤਕਨੀਕ ਭਾਰੀ ਪੈ ਸਕਦੀ ਹੈ। ਸਪਿਨ ਅੱਗੇ ਮੈਕਸਵੇਲ ਵੀ ਆਪਣੇ ਆਪ ਨੂੰ ਰੋਕ ਨਹੀਂ ਪਾਉਂਦੇ ਹਨ।ਇਸ ਤਰ੍ਹਾਂ ਹੀ ਆਸਟਰੇਲੀਆਈ ਚੋਟੀ ਦੇ ਬੱਲੇਬਾਜੀ ਕ੍ਰਮ ਵਿੱਚ ਸ਼ਾਮਲ ਡੇਵਿਡ ਵਾਰਨਰ ਅਤੇ ਐਰਾਨ ਫਿੰਚ ਕਿਸੇ ਵੀ ਹਮਲੇ ਦੀਆਂ ਧੱਜੀਆਂ ਉੱਡਾ ਸਕਦੇ ਹਨ।
4. ਚੌਥੇ ਨੰਬਰ ਉੱਤੇ ਬੱਲੇਬਾਜੀ ਨੂੰ ਲੈ ਕੇ ਹੁਣ ਵੀ ਚਿੰਤਾ
ਭਾਰਤੀ ਟੀਮ ਨੇ ਹਾਲਾਂਕਿ ਚੈਂਪੀਅੰਸ ਟਰਾਫੀ ਦੇ ਫਾਈਨਲ ਵਿਚ ਜਗ੍ਹਾ ਬਣਾਈ, ਪਰ ਟੀਮ ਵਿਚ ਕਈ ਕਮੀਆਂ ਹੁਣ ਵੀ ਹਨ। ਖਾਸਕਰ ਭਾਰਤ ਦਾ ਮਿਡਲ ਆਰਡਰ ਜੂਝਦਾ ਰਿਹਾ ਹੈ। ਇਹ ਤੈਅ ਨਹੀਂ ਹੋ ਸਕਿਆ ਕਿ ਚੌਥੇ ਨੰਬਰ ਉੱਤੇ ਕੌਣ ਬੱਲੇਬਾਜੀ ਕਰੇਗਾ। ਇਸ ਸਥਾਨ ਨੂੰ ਭਰਨ ਲਈ ਯੁਵਰਾਜ ਸਿੰਘ ਨੂੰ ਪਿਛਲੇ ਸਾਲ ਟੀਮ ਵਿਚ ਬੁਲਾਇਆ ਗਿਆ। ਪਰ ਟੀਮ ਦੀਆਂ ਉਮੀਦਾਂ ਉੱਤੇ ਉਹ ਖਰੇ ਨਹੀਂ ਉਤਰੇ। ਇਕ ਵਾਰ ਫਿਰ ਉਨ੍ਹਾਂ ਨੂੰ ਟੀਮ ਤੋਂ ਬਾਹਰ ਰੱਖਿਆ ਗਿਆ ਹੈ।
5.  ਡੇਥ ਓਵਰਾਂ ਵਿਚ ਬੱਲੇਬਾਜ਼ੀ ਨਹੀਂ ਪਰਖੀ ਜਾ ਸਕੀ
ਕੇ.ਐਲ. ਰਾਹੁਲ ਲੰਬੇ ਸਮੇਂ ਤੱਕ ਜ਼ਖਮੀ ਰਹੇ. ਸ਼੍ਰੀਲੰਕਾ ਸੀਰੀਜ਼ ਦੌਰਾਨ ਤਿੰਨ ਪਾਰੀਆਂ ਵਿਚ ਉਨ੍ਹਾਂ ਦੇ ਬੱਲੇ ਤੋਂ 28 ਦੌੜਾਂ ਹੀ ਬਣੀਆਂ। ਅਜਿਹੇ ਵਿਚ ਮਨੀਸ਼ ਪਾਂਡੇ ਬਿਹਤਰ ਵਿਕਲਪ ਨਜ਼ਰ ਆ ਰਹੇ ਹਨ, ਜਿਨ੍ਹਾਂ ਨੇ ਸ਼੍ਰੀਲੰਕਾ ਖਿਲਾਫ ਟੀ-20 ਵਿਚ ਅਰਧ ਸੈਂਕੜੀਏ ਪਾਰੀ ਖੇਡੀ। ਚੌਥੇ ਨੰਬਰ ਦੇ ਇਲਾਵਾ 6ਵੇਂ ਨੰਬਰ ਦੀ ਗੱਲ ਕਰੀਏ ਤਾਂ ਮਹਿੰਦਰ ਸਿੰਘ ਧੋਨੀ ਨੇ ਸ਼੍ਰੀਲੰਕਾ ਵਿਚ ਜਰੂਰ ਆਪਣੀ ਮਜਬੂਤੀ ਵਿਖਾਈ, ਪਰ ਡੈਥ ਓਵਰਾਂ ਵਿਚ ਉਨ੍ਹਾਂ ਦੀ ਬੱਲੇਬਾਜੀ ਪਰਖੀ ਨਹੀਂ ਜਾ ਸਕੀ।