ਪਹਿਲਵਾਨ ਵਿਸ਼ਾਲ ਦੀ ਮੌਤ ਦੇ ਮਾਮਲੇ ''ਚ ਨਵਾਂ ਮੋੜ ਆਇਆ ਸਾਹਮਣੇ

08/10/2017 1:43:38 PM

ਨਵੀਂ ਦਿੱਲੀ— ਝਾਰਖੰਡ ਦੇ ਜੈਪਾਲ ਸਿੰਘ ਸਟੇਡੀਅਮ 'ਚ ਰਾਸ਼ਟਰੀ ਪਹਿਲਵਾਨ ਵਿਸ਼ਾਲ ਕੁਮਾਰ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ ਸਾਹਮਣੇ ਆਇਆ ਹੈ। ਵਿਸ਼ਾਲ ਦੀ ਭੈਣ ਅਰਚਨਾ ਕੁਮਾਰੀ ਨੇ ਦੋਸ਼ ਲਾਇਆ ਹੈ ਕਿ ਉਸ ਦੇ ਭਰਾ ਦਾ ਕਤਲ ਹੋਇਆ ਹੈ। ਅਰਚਨਾ ਨੇ ਕਿਹਾ ਕਿ ਉਸ ਦੇ ਭਰਾ ਨੇ ਘਟਨਾ ਵਾਲੀ ਥਾਂ 'ਤੇ ਉਲਟੀ ਕੀਤੀ ਸੀ, ਜਦਕਿ ਕਰੰਟ ਲੱਗਣ ਨਾਲ ਉਲਟੀ ਨਹੀਂ ਹੁੰਦੀ। ਕਤਲ ਦੇ ਸ਼ੱਕ 'ਤੇ ਅਰਚਨਾ ਨੇ ਬੁੱਧਵਾਰ ਨੂੰ ਕੋਤਵਾਲੀ ਥਾਨਾ 'ਚ ਐੱਫ.ਆਈ.ਆਰ. ਦਰਜ ਕਰਾਈ ਸੀ।

ਪੁਲਸ 'ਤੇ ਲਾਇਆ ਦੋਸ਼
ਵਿਸ਼ਾਲ ਦੀ ਭੈਣ ਨੇ ਪੁਲਸ 'ਤੇ ਕੇਸ ਨੂੰ ਬਦਲਣ ਦਾ ਦੋਸ਼ ਲਾਇਆ ਹੈ। ਅਰਚਨਾ ਦੇ ਮੁਤਾਬਕ ਇਸ ਦੇ ਭਰਾ ਦਾ ਕਤਲ ਹੋਇਆ ਹੈ ਅਤੇ ਪੁਲਸ ਇਸ ਨੂੰ ਇਕ ਹਾਦਸਾ ਦੱਸ ਕੇ ਮਾਮਲੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ ਪੁਲਸ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰੇ ਤਾਂ ਸਾਰਾ ਸਚ ਸਾਹਮਣੇ ਆ ਜਾਵੇਗਾ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਜਿੱਥੇ ਵਿਸ਼ਾਲ ਦੀ ਮੌਤ ਹੋਈ ਉਸ ਘਟਨਾ ਸਥਲ 'ਤੇ ਕਰੰਟ ਸਬੰਧੀ ਕੋਈ ਵੀ ਸਬੂਤ ਨਹੀਂ ਮਿਲਿਆ ਹੈ।

ਦੱਸ ਦਈਏ ਕਿ ਮੰਗਲਵਾਰ ਨੂੰ ਸਟੇਡੀਅਮ ਦੇ ਮੁੱਖ ਗੇਟ ਤੋਂ ਲੈ ਕੇ ਕੁਸ਼ਤੀ ਸੰਘ ਦੇ ਦਫਤਰ ਦੇ ਕਮਰੇ ਤੱਕ 6 ਇੰਚ ਪਾਣੀ ਭਰਿਆ ਹੋਇਆ ਸੀ। ਵਿਸ਼ਾਲ ਕਿਸੇ ਕੰਮ ਤੋਂ ਕਮਰੇ 'ਚ ਇਕੱਲੇ ਗਏ ਸਨ। ਇਸ ਤੋਂ ਬਾਅਦ ਉਹ ਕਮਰੇ ਦੇ ਨਾਲ ਲਗਦੇ ਬਾਥਰੂਮ ਦੇ ਫਰਸ਼ 'ਤੇ ਡਿੱਗੇ ਹੋਏ ਪਾਏ ਗਏ। ਵਿਸ਼ਾਲ ਦੀ ਉਮਰ ਸਿਰਫ 19 ਸਾਲ ਸੀ ਅਤੇ ਉਹ 4 ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੀ ਮੌਤ ਦੇ ਬਾਅਦ ਪੂਰਾ ਪਰਿਵਾਰ ਸਦਮੇ 'ਚ ਹੈ।