ਮਹਿਲਾ ਹਾਕੀ ਟੀਮ ਨੇ ਕੋਰੀਆ ਨੂੰ 2-1 ਨਾਲ ਹਰਾਇਆ

05/22/2019 3:58:17 PM

ਜਿਨਚਿਨਯੋਨ : ਭਾਰਤੀ ਮਹਿਲਾ ਹਾਕੀ ਟੀਮ ਨੇ ਬੁੱਧਵਾਰ ਨੂੰ ਇਕ ਗੋਲ ਨਾਲ ਪੱਛੜਣ  ਤੋਂ ਬਾਅਦ ਮੇਜ਼ਬਾਨ ਕੋਰੀਆ ਨੂੰ ਇੱਥੇ ਦੂਜੇ ਮੁਕਾਬਲੇ ਵਿਚ 2-1 ਨਾਲ ਹਰਾ ਦਿੱਤਾ। ਮੈਚ ਦੇ ਪਹਿਲੇ ਕੁਆਰਟਰ ਵਿਚ ਦੋਵੇਂ ਟੀਮਾਂ ਨੂੰ ਪੈਨਲਟੀ ਕਾਰਨਰ ਮਿਲੇ ਜਦਕਿ ਦੋਵੇਂ ਟੀਮਾਂ ਦੇ ਗੋਲਕੀਪਰਾਂ ਨੇ ਸ਼ਾਨਦਾਰ ਬਚਾਅ ਕੀਤੇ। ਦੂਜੇ ਕੁਆਰਟਰ ਵਿਚ ਮੇਜ਼ਬਾਨ ਕੋਰੀਆ ਨੇ ਭਾਰਤੀ ਡਿਫੈਂਸ ਨੂੰ ਭੇਦਦਿਆਂ ਲੀ ਸਿਯੂੰਗਜੂ ਦੀ ਮਦਦ ਨਾਲ 19ਵੇਂ ਮਿੰਟ ਵਿਚ ਮੈਦਾਨੀ ਗੋਲ ਕੀਤਾ। ਹਾਲਾਂਕਿ ਤੀਜੇ ਕੁਆਰਟਰ ਵਿਚ ਭਾਰਤੀ ਮਹਿਲਾਵਾਂ ਨੇ ਵਾਪਸੀ ਕਰ ਲਈ ਅਤੇ ਕਪਤਾਨ ਰਾਣੀ ਨੇ 37ਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕਰ ਸਕੋਰ 1-1 'ਤੇ ਪਹੁੰਚਾ ਦਿੱਤਾ। ਮੈਚ ਦੇ 50ਵੇਂ ਮਿੰਟ ਵਿਚ ਨਵਜੋਤ ਕੌਰ ਨੇ ਭਾਰਤ ਲਈ ਦੂਜਾ ਗੋਲ ਕਰ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ ਅਤੇ ਆਖਰ ਤੱਕ ਇਸ ਬੜ੍ਹਤ ਨੂੰ ਕਾਇਮ ਰੱਖ ਮੈਚ ਆਪਣੇ ਨਾਂ ਕਰ ਅਿਲਆ।

ਜਿੱਤ ਤੋਂ ਬਾਅਦ ਮਹਿਲਾ ਹਾਕੀ ਟੀਮ ਦੀ ਕੋਚ ਸ਼ੁਅਡਰ ਮਰੀਨੇ ਨੇ ਕਿਹਾ, ''ਸਾਡਾ ਪ੍ਰਦਰਸ਼ਨ ਪਹਿਲੇ ਮੈਚ ਦੀ ਤੁਲਨਾ ਵਿਚ ਕਾਫੀ ਚੰਗਾ ਰਿਹਾ। ਅਸੀਂ ਚੰਗੀ ਲੈਅ ਦਿਖਾਈ, ਹਾਲਾਂਕਿ ਅਸੀਂ ਇਕ ਗੋਲ ਹੋਰ ਕਰ ਸਕਦੇ ਸੀ। ਉਸ ਨੇ ਨਾਲ ਹੀ ਮੰਨਿਆ ਕਿ ਚੰਗੇ ਨਤੀਜਿਆਂ ਨਾਲ ਭਾਰਤੀ ਮਹਿਲਾਵਾਂ ਦਾ ਆਤਮਵਿਸ਼ਵਾਸ ਵਧੇਗਾ ਅਤੇ ਉਨ੍ਹਾਂ ਨੂੰ ਐੱਫ. ਆਈ. ਐੱਚ. ਮਹਿਲਾ ਸੀਰੀਜ਼ ਫਾਈਨਲਜ਼ ਹਿਰੋਸ਼ਿਮਾ-2019 ਵਿਚ ਮਦਦਗਾਰ ਸਾਬਤ ਹੋਵੇਗੀ। ਉਸ ਨੇ ਕਿਹਾ, ''ਮੈਂ ਖੁਸ਼ ਹਾਂ ਕਿ ਟੀਮ ਨੇ ਚੰਗੇ ਬਦਲਾਅ ਕੀਤੇ ਹਨ। ਅਸੀਂ ਜਿਨਚਿਨਯੋਨ ਵਿਚ ਪਹੁੰਚਣ ਦੇ 24 ਘੰਟੇ ਵਿਚ ਹੀ ਆਪਣਾ ਪਹਿਲਾ ਮੈਚ ਖੇਡ ਰਹੇ ਹਾਂ। ਇਹ ਚੰਗੀ ਗੱਲ ਹੈ ਕਿ ਅਸੀਂ 3 ਮੈਚਾਂ ਦੀ ਸੀਰੀਜ਼ ਵਿਚ 2 ਮੈਚ ਜਿੱਤੇ ਹਨ।'' ਭਾਰਤੀ ਮਹਿਲਾ ਟੀਮ ਆਪਣਾ ਅਗਲਾ ਮੁਕਾਬਲਾ 24 ਮਈ ਨੂੰ ਖੇਡੇਗੀ।