ਉਡੀਕਾਂ ਹੋਣਗੀਆਂ ਖ਼ਤਮ ! ਇਸ ਸਾਲ ਤਿੰਨ ਵਾਰ ਆਹਮੋ-ਸਾਹਮਣੇ ਹੋ ਸਕਦੀਆਂ ਨੇ ਭਾਰਤ-ਪਾਕਿ ਕ੍ਰਿਕਟ ਟੀਮਾਂ

07/15/2022 3:52:08 PM

ਨਵੀਂ ਦਿੱਲੀ- ਜਦੋਂ ਵੀ ਭਾਰਤ-ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਮੈਦਾਨ 'ਤੇ ਆਹਮੋ ਸਾਹਮਣੇ ਹੁੰਦੀਆਂ ਹਨ ਤਾਂ ਦੋਵੇਂ ਦੇਸ਼ਾਂ ਦੇ ਪ੍ਰਸ਼ੰਸਕਾਂ ਦਰਮਿਆਨ ਉਤਸ਼ਾਹ ਤੇ ਰੋਮਾਂਚ ਸਿਖਰਾਂ 'ਤੇ ਹੁੰਦਾ ਹੈ ਪਰ ਇਸ ਉਤਸ਼ਾਹ ਤੇ ਰੋਮਾਂਚ ਦੇ ਆਨੰਦ ਨੂੰ ਮਾਣਨ ਲਈ ਉਨ੍ਹਾਂ ਨੂੰ ਅਕਸਰ ਲੰਬੀ ਉਡੀਕ ਕਰਨੀ ਪੈਂਦੀ ਹੈ ਕਿਉਂਕਿ ਦੋਵਾਂ ਦੇਸ਼ਾਂ ਦੇ ਸਿਆਸੀ ਹਾਲਾਤ ਨੂੰ ਦੇਖਦੇ ਹੋਏ 2012 ਤੋਂ ਦੋ-ਪੱਖੀ ਸੀਰੀਜ਼ 'ਤੇ ਪਾਬੰਦੀ ਲੱਗੀ ਹੋਈ ਹੈ। ਦੋਵੇਂ ਦੇਸ਼ਾਂ ਦੀਆਂ ਟੀਮਾਂ ਵਰਲਡ ਕੱਪ ਜਾਂ ਏਸ਼ੀਆ ਕੱਪ ਜਿਹੇ ਟੂਰਨਾਮੈਂਟ 'ਚ ਹੀ ਖੇਡਦੀਆਂ ਹਨ। ਅਜਿਹੇ 'ਚ ਅੱਜ ਅਸੀਂ ਕ੍ਰਿਕਟ ਪ੍ਰਸ਼ੰਸਕਾਂ ਨੂੰ ਇਕ ਖ਼ੁਸ਼ਖ਼ਬਰੀ ਦੇਣ ਜਾ ਰਹੇ ਹਾਂ ਕਿ ਇਸ ਸਾਲ ਭਾਰਤ ਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਇਕ ਜਾਂ ਦੋ ਵਾਰ ਨਹੀਂ ਸਗੋਂ ਤਿੰਨ ਵਾਰ ਵਾਰ ਮੈਦਾਨ 'ਤੇ ਆਹਮੋ-ਸਾਹਮਣੇ ਹੋਣਗੀਆਂ।  

ਇਹ ਵੀ ਪੜ੍ਹੋ : ਖ਼ਰਾਬ ਫਾਰਮ ਨਾਲ ਜੂਝ ਰਹੇ ਵਿਰਾਟ ਕੋਹਲੀ ਨੂੰ ਮਿਲਿਆ ਬਾਬਰ ਆਜ਼ਮ ਦਾ ਸਮਰਥਨ, ਵਾਇਰਲ ਹੋਇਆ ਟਵੀਟ

ਪਹਿਲੀ ਸੰਭਾਵਨਾ, ਰਾਸ਼ਟਰਮੰਡਲ ਖੇਡਾਂ ਬਰਮਿੰਘਮ

28 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਕਈ ਸਾਲਾਂ ਬਾਅਦ ਕ੍ਰਿਕਟ ਦੀ ਵਾਪਸੀ ਹੋਈ ਹੈ। ਕ੍ਰਿਕਟ ਪ੍ਰਸ਼ੰਸਕਾਂ ਲਈ ਇਹ ਵਾਪਸੀ ਹੋਰ ਵੀ ਦਿਲਚਸਪ ਹੋ ਗਈ ਹੈ ਕਿਉਂਕਿ ਭਾਰਤ ਅਤੇ ਪਾਕਿਸਤਾਨ ਦੀ ਮਹਿਲਾ ਟੀਮ 31 ਜੁਲਾਈ ਨੂੰ ਆਹਮੋ-ਸਾਹਮਣੇ ਹੋਣਗੀਆਂ। ਕ੍ਰਿਕਟ ਪ੍ਰਸ਼ੰਸਕਾਂ ਲਈ ਇਹ ਦਿਨ ਕਿਸੇ ਜਸ਼ਨ ਤੋਂ ਘੱਟ ਨਹੀਂ ਹੈ।

ਦੂਜਾ ਮੌਕਾ, ਏਸ਼ੀਆ ਕੱਪ 2022

2022 ਏਸ਼ੀਆ ਕੱਪ ਸ਼੍ਰੀਲੰਕਾ ਵਿੱਚ ਪ੍ਰਸਤਾਵਿਤ ਹੈ। 28 ਅਗਸਤ ਦਾ ਦਿਨ ਕ੍ਰਿਕਟ ਪ੍ਰਸ਼ੰਸਕਾਂ ਲਈ ਬਹੁਤ ਖਾਸ ਹੋਣ ਵਾਲਾ ਹੈ ਕਿਉਂਕਿ ਇਸ ਦਿਨ ਟੀਮ ਇੰਡੀਆ ਪਾਕਿਸਤਾਨ ਨਾਲ ਦੋ ਦੋ ਹੱਥ ਕਰਦੀ ਨਜ਼ਰ ਆਵੇਗੀ। ਇਹ ਦਿਨ ਵਿਰਾਟ ਦੇ ਪ੍ਰਸ਼ੰਸਕਾਂ ਲਈ ਵੀ ਖਾਸ ਹੋਣ ਵਾਲਾ ਹੈ ਕਿਉਂਕਿ ਇਹ ਵਿਰਾਟ ਦਾ 100ਵਾਂ ਟੀ-20 ਮੈਚ ਹੋਵੇਗਾ। 100ਵਾਂ ਟੀ-20 ਮੈਚ ਅਤੇ ਉਹ ਵੀ ਪਾਕਿਸਤਾਨ ਖਿਲਾਫ ਪ੍ਰਸ਼ੰਸਕਾਂ ਲਈ ਇਸ ਤੋਂ ਵੱਡਾ ਤੋਹਫਾ ਨਹੀਂ ਹੋ ਸਕਦਾ।

ਇਹ ਵੀ ਪੜ੍ਹੋ : ਗ੍ਰੇਟ ਖਲੀ ਨੇ ਆਪਣੇ ਨਾਲ ਹੋਏ ਦੁਰਵਿਵਹਾਰ ਤੋਂ ਬਾਅਦ ਮੰਗਿਆ ਇਨਸਾਫ਼

ਤੀਜਾ ਮੌਕਾ, ਟੀ-20 ਵਿਸ਼ਵ ਕੱਪ

ਇਸ ਸਾਲ ਤੀਜੀ ਵਾਰ ਭਾਰਤ ਅਤੇ ਪਾਕਿਸਤਾਨ ਅਕਤੂਬਰ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿੱਚ ਭਿੜਨਗੇ ਜਦੋਂ ਭਾਰਤ ਪਿਛਲੇ ਟੀ-20 ਵਿਸ਼ਵ ਕੱਪ ਵਿੱਚ ਮਿਲੀ ਹਾਰ ਦਾ ਬਦਲਾ ਲੈਣ ਦੀ ਕੋਸ਼ਿਸ਼ ਕਰੇਗਾ। ਦੋਵਾਂ ਟੀਮਾਂ ਵਿਚਾਲੇ ਲੀਗ ਪੜਾਅ ਦਾ ਇਹ ਮੈਚ 23 ਅਕਤੂਬਰ ਨੂੰ ਖੇਡਿਆ ਜਾਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh