ਇਸ ਦੇਸ਼ ''ਚ ਪਹਿਲੀ ਵਾਰ ਖੇਡੀ ਜਾਵੇਗੀ ਤਿਕੋਣੀ ਟੀ-20 ਸੀਰੀਜ਼, ਭਾਰਤ ਵੀ ਲਵੇਗਾ ਹਿੱਸਾ

11/18/2017 1:54:04 PM

ਨਵੀਂ ਦਿੱਲੀ (ਬਿਊਰੋ)— ਕ੍ਰਿਕਟ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਵੇਗਾ ਕਿ ਜਦੋਂ ਟੀ-20 ਦੀ ਤਿਕੋਣੀ ਸੀਰੀਜ਼ ਕਿਸੇ ਦੇਸ਼ ਵਿਚ ਖੇਡੀ ਜਾਵੇਗੀ। ਇਸ ਸੀਰੀਜ਼ ਦਾ ਪ੍ਰਬੰਧ ਸ਼੍ਰੀਲੰਕਾ ਵਿਚ ਹੋਵੇਗਾ। ਤਿਕੋਣੀ ਟੀ-20 ਸੀਰੀਜ਼ ਵਿਚ ਮੇਜ਼ਬਾਨ ਸ਼੍ਰੀਲੰਕਾ ਦੇ ਇਲਾਵਾ, ਭਾਰਤ ਅਤੇ ਬੰਗਲਾਦੇਸ਼ ਦੀਆਂ ਟੀਮਾਂ ਵੀ ਹਿੱਸਾ ਲੈਣਗੀਆਂ। ਇਸ ਸੀਰੀਜ਼ ਦੇ ਸਾਰੇ ਮੈਚ ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ ਵਿਚ ਖੇਡੇ ਜਾਣਗੇ। ਇਹ ਸੀਰੀਜ਼ 8 ਤੋਂ 20 ਮਾਰਚ ਦਰਮਿਆਨ ਖੇਡੀ ਜਾਵੇਗੀ ਅਤੇ ਇਸ ਵਿਚ 7 ਮੈਚ ਖੇਡੇ ਜਾਣਗੇ। ਤਿੰਨਾਂ ਟੀਮਾਂ ਇਕ ਦੂਜੇ ਨਾਲ ਦੋ-ਦੋ ਮੈਚ ਖੇਡਣਗੀਆਂ, ਜਿਸ ਵਿਚੋਂ ਟਾਪ ਦੀਆਂ ਦੋ ਟੀਮਾਂ ਫਾਈਨਲ ਵਿਚ ਜਾਣਗੀਆਂ।
ਸ਼੍ਰੀਲੰਕਾ ਦੀ ਆਜ਼ਾਦੀ ਦੇ 70 ਸਾਲ ਪੂਰੇ ਹੋਣ ਦੇ ਮੌਕੇ ਉੱਤੇ ਖੇਡੀ ਜਾਵੇਗੀ
ਇਸ ਸੀਰੀਜ਼ ਦਾ ਨਾਮ ਨਿਦਹਾਸ ਟਰਾਫੀ ਹੋਵੇਗਾ, ਜੋ ਸ਼੍ਰੀਲੰਕਾ ਦੀ ਆਜ਼ਾਦੀ ਦੇ 70 ਸਾਲ ਪੂਰੇ ਹੋਣ ਦੇ ਮੌਕੇ ਉੱਤੇ ਖੇਡੀ ਜਾਵੇਗੀ। ਇਸ ਤੋਂ ਪਹਿਲਾਂ ਵੀ ਸ਼੍ਰੀਲੰਕਾ ਦੀ ਆਜ਼ਾਦੀ ਦੇ 50 ਸਾਲ ਪੂਰੇ ਹੋਣ ਉੱਤੇ ਇਕ ਸੀਰੀਜ਼ ਖੇਡੀ ਗਈ ਸੀ। ਦੱਸ ਦਈਏ ਕਿ ਸਾਊਥ ਅਫਰੀਕੀ ਦੌਰੇ ਤੋਂ ਪਰਤਣ ਦੇ ਤੁਰੰਤ ਬਾਅਦ ਇਹ ਸੀਰੀਜ਼ ਖੇਡੀ ਜਾਵੇਗੀ। ਫਿਲਹਾਲ, ਭਾਰਤ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਖੇਡਣ ਵਿਚ ਵਿਅਸਥ ਹਨ। ਤਿੰਨ ਟੈਸਟ ਮੈਚਾਂ ਦੇ ਬਾਅਦ ਦੋਨਾਂ ਟੀਮਾਂ ਦਰਮਿਆਨ ਤਿੰਨ ਵਨਡੇ ਅਤੇ ਤਿੰਨ ਟੀ-20 ਮੈਚ ਵੀ ਖੇਡੇ ਜਾਣਗੇ।