ਸਿਫਾਰਸ਼ਾਂ ਦੀ ਆਤਮਾ ਹੀ ਖਤਮ ਕਰ ਦਿੱਤੀ ਗਈ : ਜਸਟਿਸ ਲੋਢਾ

07/27/2017 4:57:50 PM

ਨਵੀਂ ਦਿੱਲੀ— ਜੱਜ ਆਰ.ਐੱਮ. ਲੋਢਾ ਨੇ ਕਿਹਾ ਹੈ ਕਿ ਉਹ ਇਸ ਗੱਲ ਤੋਂ ਹੈਰਾਨ ਹਨ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਉਨ੍ਹਾਂ ਵੱਲੋਂ ਸੁਝਾਈਆਂ ਸਭ ਤੋਂ ਮਹੱਤਵਪੂਰਨ ਸਿਫਾਰਸ਼ਾਂ ਨੂੰ ਹੀ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਬੀ.ਸੀ.ਸੀ.ਆਈ. ਨੇ ਆਪਣੀ ਵਿਸ਼ੇਸ਼ ਆਮ ਬੈਠਕ (ਐੱਸ.ਜੀ.ਐੱਮ.) 'ਚ ਬੁੱਧਵਾਰ ਨੂੰ ਲੋਢਾ ਕਮੇਟੀ ਦੀਆਂ ਕੁਝ ਸਿਫਾਰਸ਼ਾਂ ਨੂੰ ਲੈ ਕੇ ਫਿਰ ਤੋਂ ਆਪਣਾ ਜ਼ਿੱਦੀ ਰੁਖ਼ ਅਪਣਾਉਂਦੇ ਹੋਏ ਉਨ੍ਹਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।
ਜੱਜ ਲੋਢਾ ਅਤੇ ਸੁਪਰੀਮ ਕੋਰਟ ਦੀ ਕਮੇਟੀ ਦੇ ਪ੍ਰਧਾਨ ਨੇ ਇਸ ਫੈਸਲੇ 'ਤੇ ਹੈਰਾਨੀ ਜਤਾਉਂਦੇ ਹੋਏ ਕਿਹਾ ਕਿ ਮੈਂ ਇਸ ਗੱਲ ਤੋਂ ਹੈਰਾਨ ਹਾਂ ਕਿ ਬੀ.ਸੀ.ਸੀ.ਆਈ. ਸਾਡੇ ਵੱਲੋਂ ਦੱਸੀਆਂ ਸਭ ਤੋਂ ਮਹੱਤਵਪੂਰਨ ਸਿਫਾਰਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।  
ਉਨ੍ਹਾਂ ਕਿਹਾ ਕਿ ਅਸੀਂ ਬੋਰਡ 'ਚ ਬੁਨਿਆਦੀ ਬਦਲਾਵਾਂ ਦੇ ਲਈ ਜੋ ਸਿਫਾਰਸ਼ਾਂ ਦਿੱਤੀਆਂ ਸਨ ਉਸ 'ਚੋਂ ਦਿਲ, ਫੇਫੜੇ ਅਤੇ ਗੁਰਦਾ ਵੀ ਕੱਢ ਲਿਆ ਹੈ। ਕਮੇਟੀ ਨੇ ਇਕ ਵਿਆਪਕ ਰਿਪੋਰਟ ਤਿਆਰ ਕੀਤੀ ਸੀ ਪਰ ਉਨ੍ਹਾਂ ਦੇ ਮੱਖ ਅੰਸ਼ਾਂ ਨੂੰ ਹੀ ਬਾਹਰ ਕਰ ਦਿੱਤੇ ਜਾਣ ਨਾਲ ਇਨ੍ਹਾਂ ਸੁਧਾਰਵਾਦੀ ਕਦਮਾਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਹੈ। ਮੈਨੂੰ ਨਹੀਂ ਪਤਾ ਕਿ ਕੀ ਹੋ ਰਿਹਾ ਹੈ। ਜੱਜ ਲੋਢਾ ਨੇ ਕਿਹਾ ਜਦੋਂ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾ ਹੀ ਦਿੱਤਾ ਹੈ ਤਾਂ ਇਸ 'ਤੇ ਵਿਚਾਰ ਕਰਨ ਦਾ ਕੋਈ ਮਤਲਬ ਨਹੀਂ ਹੈ। ਜਦ ਬੋਰਡ ਦੀਆਂ ਸਾਰੀਆਂ ਸਮੀਖਿਆ ਪਟੀਸ਼ਨਾਂ ਨੂੰ ਪਹਿਲਾਂ ਹੀ ਖਾਰਜ ਕੀਤਾ ਜਾ ਚੁੱਕਾ ਹੈ ਤਾਂ ਇਹ ਮੇਰੀ ਸਮਝ ਤੋਂ ਪਰੇ ਹੈ ਕਿ ਫਿਰ ਸਿਫਾਰਸ਼ਾਂ 'ਚ ਕਿਸੇ ਬਦਲਾਅ ਦੀ ਕੀ ਸੰਭਾਵਨਾ ਰਹਿ ਜਾਵੇਗੀ।