ਕਾਰਲਸਨ ਤੇ ਵੇਸਲੀ ਵਿਚਾਲੇ ਹੋਵੇਗਾ ਸਕਿਲਿੰਗ ਓਪਨ ਫਾਈਨਲ

11/30/2020 2:06:41 AM

ਨਾਰਵੇ (ਨਿਕਲੇਸ਼ ਜੈਨ)– ਤਕਰੀਬਨ 11 ਕਰੋੜ 25 ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਚੈਂਪੀਅਨ ਚੈੱਸ ਟੂਰ ਦੇ ਹਿੱਸੇ ਸਕਿਲਿੰਗ ਓਪਨ ਸ਼ਤਰੰਜ 2020 ਦਾ ਜੇਤੂ ਕੌਣ ਹੋਵੇਗਾ, ਇਸਦਾ ਫੈਸਲਾ ਹੁਣ ਆਉਣ ਵਾਲੇ ਦੋ ਦਿਨਾਂ ਵਿਚ ਹੀ ਹੋ ਜਾਵੇਗਾ, ਕਿਉਂਕਿ ਬੈਸਟ ਆਫ ਟੂ ਦੇ ਸੈਮੀਫਾਈਨਲ ਦੇ ਦੂਜੇ ਦਿਨ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਤੇ ਅਮਰੀਕਾ ਦੇ ਵੇਸਲੀ ਸੋ ਨੇ ਕ੍ਰਮਵਾਰ ਰੂਸ ਦੇ ਇਯਾਨ ਨੈਪੋਮਨਿਆਚੀ ਤੇ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਵਿਰੁੱਧ ਆਪਣੀ ਬੜ੍ਹਤ ਬਰਕਰਾਰ ਰੱਖਦੇ ਹੋਏ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਸੈਮੀਫਾਈਨਲ ਦੇ ਪਹਿਲੇ ਦਿਨ ਕਾਰਲਸਨ ਤੇ ਵੇਸਲੀ ਸੋ ਨੇ 2.5-1.5 ਨਾਲ ਜਿੱਤ ਦਰਜ ਕਰਦੇ ਹੋਏ ਬੜ੍ਹਤ ਬਣਾਈ ਸੀ ਤੇ ਦੂਜੇ ਦਿਨ ਚਾਰ ਰੈਪਿਡ ਤੋਂ ਬਾਅਦ ਸਕੋਰ 2-2 ਕਰਕੇ ਜਿੱਤ ਦਰਜ ਕੀਤੀ।
ਮੈਗਨਸ ਕਾਰਲਸਨ ਤੇ ਨੈਪੋਮਨਿਆਚੀ ਵਿਚਾਲੇ ਪਹਿਲੇ ਹੀ ਮੁਕਾਬਲੇ ਵਿਚ ਨੈਪੋਮਨਿਆਚੀ ਨੇ ਸਫੇਦ ਮੋਹਰਿਆਂ ਨਾਲ ਰਾਏ ਲੋਪੇਜ ਓਪਨਿੰਗ ਵਿਚ 40 ਚਾਲਾਂ ਵਿਚ ਜਿੱਤ ਦਰਜ ਕਰਦੇ ਹੋਏ ਵਾਪਸੀ ਦੇ ਸੰਕੇਤ ਦਿੱਤੇ ਪਰ ਅਗਲੇ ਹੀ ਮੈਚ ਵਿਚ ਸਫੇਦ ਮੋਹਰਿਆਂ ਨਾਲ ਮੈਗਨਸ ਕਾਰਲਸਨ ਨੇ ਸਿਸਿਲੀਅਨ ਓਪਨ ਵਿਚ ਬਿਹਤਰੀਨ ਜਿੱਤ ਦਰਜ ਕਰਦੇ ਹੋਏ ਵਾਪਸੀ ਕਰਕੇ ਸਕੋਰ 1-1 ਕਰ ਦਿੱਤਾ। ਇਸ ਤੋਂ ਬਾਅਦ ਅਗਲੇ ਦੋਵੇਂ ਮੁਕਾਬਲੇ ਡਰਾਅ ਖੇਡ ਕੇ ਕਾਰਲਸਨ ਨੇ ਫਾਈਨਲ ਵਿਚ ਪਹੁੰਚਣ ਲਈ ਜ਼ਰੂਰੀ ਅੰਕ ਹਾਸਲ ਕਰ ਲਏ।
ਉਥੇ ਹੀ ਦੋਵੇਂ ਅਮਰੀਕਨ ਖਿਡਾਰੀ ਹਿਕਾਰੂ ਨਾਕਾਮੁਰਾ ਤੇ ਵੇਸਲੀ ਸੋਅ ਵਿਚਾਲੇ ਸਾਰੇ ਮੁਕਾਬਲੇ ਡਰਾਅ ਰਹੇ ਤੇ ਵੇਸਲੀ ਸੋ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਫਾਈਨਲ ਵਿਚ ਪ੍ਰਵੇਸ਼ ਕਰ ਗਿਆ। ਹੁਣ ਫਾਈਨਲ ਵਿਚ ਮੈਗਨਸ ਕਾਰਲਸਨ ਤੇ ਵੇਸਲੀ ਸੋ ਵਿਚਾਲੇ ਵੀ ਬੈਸਟ ਆਫ ਟੂ ਦੇ ਮੁਕਾਬਲੇ ਦੋ ਦਿਨ ਖੇਡੇ ਜਾਣਗੇ। ਇਨ੍ਹਾਂ ਦਿਨਾਂ ਵਿਚ ਚਾਰ ਰੈਪਿਡ ਹੋਣਗੇ ਤੇ ਲੋੜ ਪੈਣ 'ਤੇ ਦੂਜੇ ਦਿਨ ਟਾਈਬ੍ਰੇਕ ਦੇ ਮੁਕਾਬਲੇ ਵੀ ਖੇਡੇ ਜਾਣਗੇ।

Gurdeep Singh

This news is Content Editor Gurdeep Singh