ਚੌਥੇ ਵਨਡੇ ''ਤੇ ਮੀਂਹ ਦਾ ਖਤਰਾ

09/25/2017 2:13:05 PM

ਬੈਂਗਲੁਰੂ— ਭਾਰਤ ਅਤੇ ਆਸਟਰੇਲੀਆ ਵਿਚਾਲੇ ਇੱਥੇ ਵੀਰਵਾਰ ਨੂੰ ਹੇਣ ਵਾਲੇ ਚੌਥੇ ਵਨਡੇ ਕੌਮਾਂਤਰੀ ਕ੍ਰਿਕਟ ਮੈਚ 'ਤੇ ਮੀਂਹ ਦਾ ਖਤਰਾ ਮੰਡਰਾ ਰਿਹਾ ਹੈ ਅਤੇ ਮੌਸਮ ਵਿਭਾਗ ਨੇ ਅਗਲੇ 24 ਤੋਂ 48 ਘੰਟੇ 'ਚ ਹਨੇਰੀ ਅਤੇ ਤੇਜ਼ ਵਰਖਾ ਦੀ ਸੰਭਾਵਨਾ ਜਤਾਈ ਹੈ। ਪਿਛਲੇ 24 ਘੰਟਿਆਂ 'ਚ ਸ਼ਹਿਰ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਪਿਆ ਹੈ ਅਤੇ ਮੌਸਮ ਵਿਭਾਗ ਨੇ 54 ਮਿਮੀ ਵਰਖਾ ਰਿਕਾਰਡ ਕੀਤੀ ਹੈ। ਮੌਸਮ ਵਿਭਾਗ ਦੇ ਮੁਤਾਬਕ ਅਗਲੇ 24 ਤੋਂ 48 ਘੰਟਿਆ 'ਚ ਹਲਕੀ ਤੋਂ ਭਾਰੀ ਵਰਖਾ ਜਾਰੀ ਰਹੇਗੀ। ਚਿੰਨਾਸਵਾਮੀ ਸਟੇਡੀਅਮ 'ਚ ਕਿਊਰੇਟਰ ਪਿੱਚ ਨੂੰ ਸੁੱਕੀ ਰਖਣ ਦੀ ਹਰ ਸੰਭਵ ਕੋਸ਼ਿਸ ਕਰ ਰਹੇ ਹਨ ਜਿਸ ਨਾਲ ਕਿ ਮੈਚ 'ਚ ਓਵਰਾਂ ਦੀ ਗਿਣਤੀ 'ਚ ਕਟੌਤੀ ਨਾ ਹੋਵੇ। ਸਟੇਡੀਅਮ 'ਚ ਹਾਲਾਂਕਿ ਮੀਂਹ ਦੇ ਬਾਅਦ ਮੈਦਾਨ ਨੂੰ ਸੁਕਾਉਣ ਦੇ ਲਈ ਅਤੀ ਆਧੁਨਿਕ ਤਕਨੀਕ ਹੈ। ਇਸ ਤਕਨੀਕ ਦੀ ਮਦਦ ਨਾਲ ਅੰਪਾਇਰ ਭਾਰੀ ਮੀਂਹ ਦੇ ਬਾਅਦ ਵੀ ਛੇਤੀ ਹੀ ਮੈਚ ਸ਼ੁਰੂ ਕਰਾ ਸਕਦੇ ਹਨ। 

ਦੋਹਾਂ ਟੀਮਾਂ ਨੂੰ ਕੋਲਕਾਤਾ 'ਚ ਵੀ ਮੀਂਹ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਦੋਹਾਂ ਨੇ ਇੰਡੋਰ ਅਭਿਆਸ ਕੀਤਾ ਸੀ। ਇੰਦੌਰ 'ਚ ਤੀਜੇ ਵਨਡੇ ਤੋਂ ਪਹਿਲਾਂ ਵੀ ਮੀਂਹ ਪਿਆ ਸੀ ਪਰ ਇਸ ਦਾ ਮੈਚ 'ਤੇ ਕੋਈ ਅਸਰ ਨਹੀਂ ਪਿਆ। ਚੇਨਈ 'ਚ ਪਹਿਲੇ ਮੈਚ ਦੇ ਦੌਰਾਨ ਵਰਖਾ ਨੇ 2 ਘੰਟੇ ਤੱਕ ਰੁਕਾਵਟ ਪਾਈ ਸੀ ਜਿਸ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਆਸਟਰੇਲੀਆਈ ਟੀਮ ਦੀ ਪਾਰੀ ਨੂੰ 21 ਓਵਰ ਦਾ ਕਰ ਦਿੱਤਾ ਗਿਆ ਸੀ। ਭਾਰਤ ਕੱਲ ਇੰਦੌਰ 'ਚ ਤੀਜਾ ਵਨਡੇ ਪੰਜ ਵਿਕਟਾਂ ਨਾਲ ਜਿੱਤ ਕੇ ਪਹਿਲੇ ਹੀ ਪੰਜ ਮੈਚਾਂ ਦੀ ਲੜੀ 'ਚ 3-0 ਦੀ ਜੇਤੂ ਬੜ੍ਹਤ ਬਣਾ ਚੁੱਕਾ ਹੈ। ਦੋਹਾਂ ਟੀਮਾਂ ਦੇ ਅੱਜ ਸ਼ਹਿਰ 'ਚ ਪਹੁੰਚਣ 'ਤੇ ਅਭਿਆਸ ਕਰਨ ਦੀ ਸੰਭਾਵਨਾ ਨਹੀਂ ਹੈ।