ਰਿਕਸ਼ਾ ਚਲਾਉਣ ਵਾਲੇ ਦੇ ਪੁੱਤਰ ਨੇ ਕੀਤਾ ਕਮਾਲ, ਤੋੜ ਦਿੱਤਾ ਆਲ ਇੰਡੀਆ ਰਿਕਾਰਡ

09/06/2017 9:31:04 AM

ਨਵੀਂ ਦਿੱਲੀ— ਬਕਰੀਦ 'ਤੇ ਜਦੋਂ ਸਾਰੇ ਤਿਊਹਾਰ ਮਨਾਉਣ 'ਚ ਰੁੱਝੇ ਹੋਏ ਸਨ, ਤਾਂ ਦਿੱਲੀ ਦੇ ਰਿਕਸ਼ਾ ਚਲਾਉਣ ਵਾਲੇ ਨਨਕੂ ਅਹਿਮਦ ਦੇ ਪੁੱਤਰ ਨਿਸਾਰ ਅਹਿਮਦ ਛੱਤਰਸਾਲ ਸਟੇਡੀਅਮ 'ਚ ਪਸੀਨਾ ਵਹਾ ਰਹੇ ਸਨ। ਇਸ ਦਾ ਨਤੀਜਾ ਹੈ ਕਿ ਉਨ੍ਹਾਂ ਨੇ ਦਿੱਲੀ ਸਟੇਟ ਐਥਲੈਟਿਕਸ ਪ੍ਰਤੀਯੋਗਿਤਾ 'ਚ 100 ਅਤੇ 200 ਮੀਟਰ ਦੌੜ 'ਚ ਸੋਨ ਤਮਗੇ ਹਾਸਲ ਕੀਤੇ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਨਿਸਾਰ ਤਮਗਾ ਲੈਣ ਦੇ ਲਈ ਮੰਚ ਵੱਲ ਜਾ ਰਹੇ ਸਨ ਉਸ ਸਮੇਂ ਉਸ ਦੇ ਪਿਤਾ ਰਿਕਸ਼ਾ ਚਲਾਉਣ ਅਤੇ ਮਾਂ ਘਰ 'ਚ ਕੰਮ ਕਰਨ 'ਚ ਵਿਅਸਤ ਸਨ। 

ਨਿਸਾਰ ਆਜ਼ਾਦਪੁਰ ਦੇ ਵੱਡੇ ਬਾਗ ਦੇ ਕਰੀਬ ਰੇਲਵੇ ਟ੍ਰੈਕ ਦੀ ਬਸਤੀ ਦੇ 10 ਬਾਏ 10 ਦੇ ਕਮਰੇ 'ਚ ਰਹਿੰਦੇ ਹਨ। ਇਸੇ ਕਮਰੇ 'ਚ ਉਸ ਦੇ ਮਾਤਾ-ਪਿਤਾ ਅਤੇ ਭੈਣ ਰਹਿੰਦੀ ਹੈ। ਤਿੰਨ ਸਾਲ ਪਹਿਲਾਂ ਉਸ ਦੀ ਮੁਲਾਕਾਤ ਕੋਚ ਸੁਨੀਤਾ ਨਾਲ ਹੋਈ। ਉਹ ਬਿਨਾ ਫੀਸ ਲਏ ਉਸ ਨੂੰ ਕੋਚਿੰਗ ਦੇ ਰਹੀ ਹੈ। ਆਲ ਇੰਡੀਆ ਸਕੂਲ ਲੈਵਲ ਦੇ ਲਈ ਕੁਆਲੀਫਾਈ ਕਰਨ ਦੇ ਲਈ ਨਿਸਾਰ ਨੇ ਅੰਡਰ-14 ਇੰਟਰ ਜ਼ੋਨ ਟੂਰਨਾਮੈਂਟ 'ਚ ਹਿੱਸਾ ਲਿਆ। ਇਸ 'ਚ ਉਨ੍ਹਾਂ ਤਿੰਨ ਸੋਨ ਤਮਗੇ ਜਿੱਤ ਕੇ ਰਿਕਾਰਡ ਬਣਾਇਆ। ਇੰਟਰ ਜ਼ੋਨ 'ਚ ਕੁਆਲੀਫਾਈ ਕਰਨ ਦੇ ਬਾਅਦ ਉਨ੍ਹਾਂ ਨੇ ਆਲ ਇੰਡੀਆ ਸਕੂਲ ਟੂਰਨਾਮੈਂਟ ਦੇ ਲਈ ਕੁਆਲੀਫਾਈ ਕੀਤਾ। ਕੇਰਲ 'ਚ ਹੋਏ ਇਸ ਮੁਕਾਬਲੇ 'ਚ ਵੀ ਨਿਸਾਰ ਨੇ ਚਾਰ ਤਮਗੇ ਜਿੱਤੇ ਸਨ। ਉਨ੍ਹਾਂ ਪਿਛਲੇ ਸਾਲ ਦਿੱਲੀ ਰਾਜ ਅੰਡਰ-16 'ਚ ਸੋਨੇ ਅਤੇ ਚਾਂਦੀ ਦੇ ਤਮਗੇ ਜਿੱਤੇ।