ਕੋਹਲੀ ਸਾਹਮਣੇ ਵੱਡਾ ਚੈਲੇਂਜ਼, ਬਰਕਰਾਰ ਰੱਖ ਸਕਣਗੇ 30 ਸਾਲ ਤੋਂ ਚਲਿਆ ਆ ਰਿਹਾ ਇਹ ਰਿਕਾਰਡ

11/30/2017 3:10:49 PM

ਨਵੀਂ ਦਿੱਲੀ (ਬਿਊਰੋ)— ਨਾਗਪੁਰ ਵਿਚ ਸ਼੍ਰੀਲੰਕਾ ਨੂੰ ਪਸਤ ਕਰਨ ਦੇ ਬਾਅਦ ਭਾਰਤੀ ਟੀਮ ਨੇ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਲੀਡ ਬਣਾ ਲਈ ਹੈ। ਇਸ ਸੀਰੀਜ਼ ਦਾ ਅਗਲਾ ਮੁਕਾਬਲਾ ਹੁਣ ਦਿੱਲੀ ਦੇ ਫਿਰੋਜਸ਼ਾਹ ਕੋਟਲਾ ਮੈਦਾਨ ਉੱਤੇ ਖੇਡਿਆ ਜਾਵੇਗਾ। ਇਹ ਮੈਦਾਨ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਘਰੇਲੂ ਮੈਦਾਨ ਵੀ ਹੈ। ਕੋਹਲੀ ਦੇ ਘਰੇਲੂ ਮੈਦਾਨ ਉੱਤੇ ਭਾਰਤੀ ਟੀਮ ਦਾ ਰਿਕਾਰਡ ਵੀ ਵਿਰਾਟ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕੋਟਲਾ ਦੇ ਮੈਦਾਨ ਉੱਤੇ ਭਾਰਤੀ ਟੀਮ ਪਿਛਲੇ 30 ਸਾਲ ਤੋਂ ਟੈਸਟ ਮੈਚ ਵਿਚ ਜਿੱਤਦੀ ਰਹੀ ਹੈ। ਇਸਦਾ ਮਤਲਬ ਸਾਫ਼ ਹੈ ਇਸ ਮੈਦਾਨ ਉੱਤੇ ਪਿਛਲੇ ਤਿੰਨ ਦਹਾਕੇ ਵਿਚ ਕੋਈ ਵੀ ਟੀਮ ਭਾਰਤੀ ਟੀਮ ਨੂੰ ਹਰਾ ਨਹੀਂ ਸਕੀ ਹੈ। ਹੁਣ ਵਿਰਾਟ ਕੋਹਲੀ ਸਾਹਮਣੇ 30 ਸਾਲ ਤੋਂ ਚਲੇ ਆ ਰਹੇ ਸਿਲਸਿਲੇ ਨੂੰ ਬਰਕਰਾਰ ਰੱਖਣ ਦੀ ਜ਼ਿੰਮੇਦਾਰੀ ਹੈ।

ਕਦੋਂ ਮਿਲੀ ਸੀ ਆਖਰੀ ਹਾਰ
ਕੋਟਲਾ ਦੇ ਮੈਦਾਨ ਉੱਤੇ ਭਾਰਤੀ ਟੀਮ ਨੂੰ ਆਖਰੀ ਵਾਰ ਹਾਰ ਦਾ ਸਾਹਮਣਾ ਨਵੰਬਰ 1987 ਵਿਚ ਕਰਨਾ ਪਿਆ ਸੀ। ਭਾਰਤੀ ਟੀਮ ਨੂੰ ਇਹ ਹਾਰ ਉਸ ਸਮੇਂ ਦੀ ਸਭ ਤੋਂ ਤਾਕਤਵਰ ਟੀਮਾਂ ਵਿੱਚੋਂ ਇਕ ਵੈਸਟਇੰਡੀਜ਼ ਖਿਲਾਫ ਝਲਣੀ ਪਈ ਸੀ। ਇਸ ਹਾਰ ਦੇ ਬਾਅਦ ਕੋਟਲਾ ਵਿਚ ਭਾਰਤੀ ਟੀਮ ਨੇ 11 ਟੈਸਟ ਮੈਚ ਖੇਡੇ ਹਨ ਅਤੇ ਇਨ੍ਹਾਂ ਵਿਚੋਂ ਦਸ ਮੁਕਾਬਲਿਆਂ ਵਿਚ ਭਾਰਤੀ ਟੀਮ ਨੇ ਜਿੱਤ ਦਾ ਸਵਾਦ ਚੱਖਿਆ ਹੈ। ਜੋ ਇਕ ਮੁਕਾਬਲਾ ਡਰਾਅ ਰਿਹਾ ਉਹ ਆਸਟਰੇਲੀਆ ਖਿਲਾਫ 2008 ਵਿਚ ਖੇਡਿਆ ਗਿਆ ਸੀ।

ਕੋਟਲਾ ਵਿਚ ਕਮਾਲ ਦਾ ਹੈ ਭਾਰਤ ਦਾ ਰਿਕਾਰਡ
ਫਿਰੋਜਸ਼ਾਹ ਕੋਟਲਾ ਮੈਦਾਨ ਉੱਤੇ ਪਹਿਲਾ ਟੈਸਟ ਮੈਚ 69 ਸਾਲ ਪਹਿਲਾਂ ਖੇਡਿਆ ਗਿਆ। ਇਸ ਮੈਦਾਨ ਉੱਤੇ 10 ਨਵੰਬਰ 1948 ਨੂੰ ਖੇਡਿਆ ਗਿਆ ਪਹਿਲਾ ਟੈਸਟ ਮੈਚ ਡਰਾਅ ਰਿਹਾ ਸੀ। ਭਾਰਤੀ ਟੀਮ ਨੇ ਹੁਣ ਤੱਕ ਕੋਟਲਾ ਵਿਚ 33 ਟੈਸਟ ਮੈਚ ਖੇਡੇ ਹਨ। ਇਨ੍ਹਾਂ 30 ਵਿੱਚੋਂ ਭਾਰੀਤ ਟੀਮ ਨੇ 13 ਵਿਚ ਜਿੱਤ ਹਾਸਲ ਕੀਤੀ ਹੈ, ਤਾਂ 6 ਮੈਚਾਂ ਵਿਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸਦੇ ਨਾਲ ਹੀ ਨਾਲ 14 ਮੁਕਾਬਲੇ ਡਰਾਅ ਰਹੇ ਹਨ।