ਕੋਹਲੀ-ਰੋਹਿਤ ਵਿਚਾਲੇ ਰੇਸ ਬਣੀ ਚਰਚਾ ਦਾ ਵਿਸ਼ਾ, ਇਨ੍ਹਾਂ ਰਿਕਾਰਡਜ਼ ''ਤੇ ਰਹੇਗੀ ਨਜ਼ਰ

09/14/2019 2:22:05 PM

ਸਪੋਰਟਸ ਡੈਸਕ : ਭਾਰਤ ਅਤੇ ਦੱ. ਅਫਰੀਕਾ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੁਕਾਬਲਾ ਕਲ ਧਰਮਸ਼ਾਲਾ ਦੇ ਮੈਦਾਨ 'ਤੇ ਖੇਡਿਆ ਜਾਣਾ ਹੈ। ਉੱਥੇ ਹੀ ਦੋਵੇਂ ਟੀਮਾਂ ਹਿਮਾਚਲ ਦੇ ਧਰਮਸ਼ਾਲਾ ਸ਼ਹਿਰ ਪਹੁੰਚ ਗਈਆਂ ਹਨ। ਅਜਿਹੇ 'ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਵਿਚਾਲੇ ਇਸ ਸੀਰੀਜ਼ ਵਿਚ ਇਕ ਖਾਸ ਟੱਕਰ ਦੇਖਣ ਨੂੰ ਮਿਲ ਰਹੀ ਹੈ।

ਦਰਅਸਲ, ਟੀ-20 ਮੁਕਾਬਲਿਆਂ ਵਿਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਿਚਾਲੇ ਜ਼ਬਰਦਸਤ ਟੱਕਰ ਦੇਖਣ ਨੂੰ ਮਿਲ ਰਹੀ ਹੈ। ਉਪ-ਕਪਤਾਨ ਰੋਹਿਤ ਸ਼ਰਮਾ ਦੀ ਗੱਲ ਕਰੀਏ ਤਾਂ ਟੀ-20 ਵਿਚ ਉਹ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ ਜਿਸ ਦੇ ਨਾਂ 96 ਮੈਚਾਂ ਵਿਚ 2422 ਦੌੜਾਂ ਦਰਜ ਹਨ। ਉੱਥੇ ਹੀ ਵਿਰਾਟ ਉਸ ਤੋਂ ਪਿੱਛੇ ਹਨ। ਕੋਹਲੀ ਦੇ ਨਾਂ 70 ਮੈਚਾਂ ਵਿਚ 2369 ਦੌੜਾਂ ਦਰਜ ਹਨ ਅਤੇ ਨੰਬਰ ਇਕ ਬਣਨ ਤੋਂ 53 ਦੌੜਾਂ ਦੂਰ ਹਨ। ਅਜਿਹੇ 'ਚ ਇਹ ਦੇਖਣਾ ਹੋਵੇਗਾ ਕਿ ਆਖਿਰ ਕੌਣ ਇਸ ਦੌੜ ਵਿਚ ਬਾਜ਼ੀ ਮਾਰਦਾ ਹੈ।

ਦਸ ਦਈਏ ਕਿ ਭਾਰਤੀ ਟੀਮ ਦਾ ਅਸਲੀ ਟੈਸਟ ਹੁਣ ਕਵਿੰਟਨ ਡੀ ਕਾਕ ਅਤੇ ਕਾਗਿਸੋ ਰਬਾਡਾ ਖਿਲਾਫ ਇਸ ਸੀਰੀਜ਼ ਦੇ ਨਾਲ ਸ਼ੁਰੂ ਹੋਵੇਗੀ। ਰਬਾਡਾ ਦਾ ਚੰਗਾ ਸਪੈਲ ਅਤੇ ਡੇਵਿਡ ਮਿਲਰ ਦਾ ਪ੍ਰਦਰਸ਼ਨ ਭਾਰਤੀਆਂ ਲਈ ਚੁਣੌਤੀ ਪੇਸ਼ ਕਰ ਸਕਦਾ ਹੈ ਜਦਕਿ ਫਾਫ ਡੂ ਪਲੇਸਿਸ ਅਤੇ ਹਾਸ਼ਿਮ ਅਮਲਾ ਦੀ ਗੈਰ ਹਾਜ਼ਰੀ ਵਿਚ ਕੁਝ ਹੋਰ ਟੈਸਟ ਜਾਣਕਾਰ ਜਿਵੇਂ ਟੇਮਬਾ ਬਾਵੁਮਾ ਜਾਂ ਐਨਰਿਕ ਨਾਰਜੇ ਆਪਣਾ ਹੁਨਰ ਸਾਬਤ ਕਰਨਾ ਚਾਹੁਣਗੇ। ਅਗਲੇ ਸਾਲ ਅਕਤੂਬਰ ਵਿਚ ਆਸਟਰੇਲੀਆ ਵਿਖੇ ਹੋਣ ਵਾਲੇ ਵਰਲਡ ਕੱਪ ਟੀ-20 ਲਈ ਟੀਮ ਦੀ ਸਹੀ ਪਲੇਇੰਗ ਇਲੈਵਨ ਤਿਆਰ ਕਰਨ ਦੀ ਮੁਹਿੰਮ ਵਿਚ ਕਪਤਾਨ ਕੋਹਲੀ ਅਤੇ ਮੁੱਖ ਕੋਚ ਰਵੀ ਸ਼ਾਸਤਰੀ ਲਈ ਲੱਗਭਗ 20 ਮੈਚ ਬਚੇ ਹਨ।

ਦੌੜਾਂ ਬੱਲੇਬਾਜ਼
2422 ਰੋਹਿਤ ਸ਼ਰਮਾ (ਭਾਰਤ)
2369 ਵਿਰਾਟ ਕੋਹਲੀ (ਭਾਰਤ)
2283 ਮਾਰਟਿਨ ਗੁਪਟਿਲ (ਨਿਊਜ਼ੀਲੈਂਡ)
2263 ਸ਼ੋਇਬ ਮਲਿਕ (ਪਾਕਿਸਤਾਨ)
2140 ਬ੍ਰੈਂਡਨ ਮੈਕੁਲਮ (ਨਿਊਜ਼ੀਲੈਂਡ)