ਇਸ ਪਾਕਿ ਗੇਂਦਬਾਜ਼ ਦੀ ਉਮਰ ਨੂੰ ਲੈ ਕੇ ਮਚਿਆ ਬਵਾਲ, 3 ਸਾਲਾਂ ਤੋਂ ਖੁਦ ਨੂੰ ਦੱਸ ਰਿਹਾ 16 ਦਾ

11/23/2019 1:36:47 PM

ਨਵੀਂ ਦਿੱਲੀ : ਕੌਮਾਂਤਰੀ ਕ੍ਰਿਕਟ ਵਿਚ ਇਨ੍ਹੀ ਦਿਨੀ 3 ਟੈਸਟ ਮੈਚ ਖੇਡੇ ਜਾ ਰਹੇ ਹਨ। ਕੋਲਕਾਤਾ ਵਿਚ ਜਿੱਥੇ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਡੇਅ-ਨਾਈਟ ਟੈਸਟ ਖੇਡਿਆ ਜਾ ਰਿਹਾ ਹੈ। ਉੱਥੇ ਹੀ ਮਾਊਂਟ ਮਾਨਗੁਈ ਦੇ ਬੇ ਓਵਲ ਵਿਚ ਨਿਊਜ਼ੀਲੈਂਡ-ਇੰਗਲੈਂਡ ਅਤੇ ਬ੍ਰਿਸਬੇਨ ਵਿਚ ਆਸਟਰੇਲੀਆ-ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹਨ। ਆਸਟਰੇਲੀਆ ਵਿਚ ਖੇਡੇ ਜਾ ਰਹੇ ਟੈਸਟ ਵਿਚ ਪਾਕਿਸਤਾਨ ਦੇ ਨਸੀਮ ਸ਼ਾਹ ਨੇ ਡੈਬਿਊ ਕੀਤਾ। ਨਸੀਮ ਸ਼ਾਹ ਸਿਰਫ 16 ਸਾਲ 281 ਦਿਨ ਦੇ ਹਨ। ਉਸ ਦੇ ਡੈਬਿਊ ਦੇ ਨਾਲ ਹੀ ਉਸ ਦੀ ਉਮਰ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬਵਾਲ ਮੱਚ ਗਿਆ ਹੈ। ਦਰਅਸਲ, ਸੋਸ਼ਲ ਮੀਡੀਆ ਯੂਜ਼ਰਸ ਨੂੰ ਨਸੀਮ ਦੀ ਉਮਰ ਵਿਚ ਘੋਟਾਲਾ ਦਿਸ ਰਿਹਾ ਹੈ।

ਮੁਹੰਮਦ ਕੈਫ ਨੇ ਵੀ ਉਡਾਇਆ ਮਜ਼ਾਕ
ਨਸੀਮ ਸ਼ਾਹ ਦੀ ਉਮਰ ਨੂੰ ਲੈ ਕੇ ਟਵਿੱਟਰ 'ਤੇ ਤਦ ਬਹਿਸ ਸ਼ੁਰੂ ਹੋਈ, ਜਦੋਂ ਭਾਰਤ ਦੇ ਸਾਬਕਾ ਕ੍ਰਿਕਟਰ ਮੁਹੰਮਦ ਕੈਫ ਨੇ ਪਾਕਿਸਤਾਨੀ ਪੱਤਰਕਾਰ ਸਾਜ ਸਾਦਿਕ ਦਾ ਦਸੰਬਰ 2018 ਦਾ ਇਕ ਟਵੀਟ ਸ਼ੇਅਰ ਕੀਤਾ। ਸਾਜ ਨੇ ਆਪਣੇ ਟਵਿੱਟਰ 'ਤੇ ਨਸੀਮ ਸ਼ਾਹ ਦੀ  ਉਮਰ 2018 ਵਿਚ 17 ਸਾਲ ਦੱਸੀ ਸੀ। ਇਸ ਨੂੰ ਲੈ ਕੇ ਕੈਫ ਨੇ ਤੰਜ ਕੱਸਦਿਆਂ ਲਿਖਿਆ, ''ਇੱਥੇ ਤਾਂ ਜ਼ਬਰਦਸਤ ਸੰਭਾਵਨਾ ਦਿਸਦੀ ਹੈ ਪਰ ਹੁਣ ਉਹ 16 ਸਾਲ ਦੇ ਹੋ ਗਏ ਹਨ। ਲਗਦਾ ਹੈ ਕਿ ਉਮਰ ਪਿੱਛੇ ਵੱਲ ਵੱਧ ਰਹੀ ਹੈ।''

ਮੁਹੰਮਦ ਕੈਫ ਦੇ ਟਵੀਟ ਕਰਨ ਦੇ ਬਾਅਦ ਤੋਂ ਸੋਸ਼ਲ ਮੀਡੀਆ 'ਤੇ ਨਸੀਮ ਸ਼ਾਹ ਦੀ ਉਮਰ ਨੂੰ ਲੈ ਕੇ ਬਵਾਲ ਮੱਚ ਗਿਆ ਹੈ। ਲੋਕ ਕਹਿੰਦੇ ਹਨ ਕਿ ਉਮਰ ਲੁਕਾਉਣ 'ਚ ਪਾਕਿਸਤਾਨੀ ਮਾਹਰ ਹਨ। ਇੰਨਾ ਹੀ ਨਹੀਂ ਪਾਕਿਸਤਾਨ ਦੇ ਸ਼ਾਹਿਦ ਅਫਰੀਦੀ ਦੀ ਉਮਰ ਨੂੰ ਲੈ ਕੇ ਵੀ ਬਹਿਸ ਛਿੜ ਗਈ। ਲੋਕਾਂ ਨੇ ਸ਼ਾਹਿਦ ਅਫਰੀਦੀ ਦੀ ਉਮਰ ਦੇ ਕਿੱਸਿਆਂ ਨੂੰ ਫਿਰ ਯਾਦ ਕੀਤਾ।

ਦੱਸ ਦਈਏ ਕਿ ਵਨ ਡੇ ਵਿਚ ਸਭ ਤੋਂ ਘੱਟ ਉਮਰ ਵਿਚ ਸੈਂਕੜਾ ਲਾਉਣ ਦਾ ਰਿਕਾਰਡ ਸ਼ਾਹਿਦ ਅਫਰੀਦੀ ਦੇ ਨਾਂ ਹੈ। ਹਾਲਾਂਕਿ ਸ਼ਾਹਿਦ ਅਫਰੀਦੀ ਆਟੋਬਾਓਗ੍ਰਾਫੀ ਵਿਚ ਆਪਣੀ ਉਮਰ ਨੂੰ ਲੈ ਖੁਲਾਸਾ ਕਰ ਚੁੱਕੇ ਹਨ। ਅਧਿਕਾਰਤ ਜਾਣਕਾਰੀ ਮੁਤਾਬਕ ਅਫਰੀਦੀ ਦਾ ਜਨਮ 1 ਮਾਰਚ, 1980 ਵਿਚ ਹੋਇਆ ਸੀ। ਜਿਸ ਦੇ ਹਿਸਾਬ ਨਾਲ ਜਦੋਂ ਅਫਰੀਦੀ ਨੇ ਸ਼੍ਰੀਲੰਕਾ ਖਿਲਾਫ ਸੈਂਕੜਾ ਲਾਇਆ ਤਦ ਉਸ ਦੀ ਉਮਰ 16 ਸਾਲ 217 ਦਿਨ ਸੀ। ਹਾਲਾਂਕਿ ਆਟੋਬਾਓਗ੍ਰਾਫੀ ਦੇ ਹਿਸਾਬ ਨਾਲ ਤਦ ਉਹ 21 ਸਾਲ ਦੇ ਸਨ। ਅਫਰੀਦੀ ਨੇ ਆਪਣੀ ਉਮਰ ਲੁਕਾਉਣ ਦਾ ਦੋਸ਼ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਅਧਿਕਾਰੀਆਂ 'ਤੇ ਲਾਇਆ ਸੀ।