ਪ੍ਰੋ ਕਬੱਡੀ ਲੀਗ ਦੀ ਇਨਾਮੀ ਰਾਸ਼ੀ 8 ਕਰੋੜ

07/16/2017 1:57:13 AM

ਮੁੰਬਈ— ਦੇਸ਼ 'ਚ ਕਬੱਡੀ ਦੀ ਵਧਦੀ ਪ੍ਰਸਿੱਧੀ ਦਾ ਅਸਰ ਹੁਣ ਦਿਸਣ ਲੱਗਾ ਹੈ, ਜਿਥੇ 28 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੇ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ ਲਈ ਇਸ ਵਾਰ ਇਨਾਮੀ ਰਾਸ਼ੀ 'ਚ ਬੰਪਰ ਵਾਧਾ ਕੀਤਾ ਗਿਆ ਹੈ, ਜਿਹੜੀ ਪਿਛਲੇ ਸੈਸ਼ਨ ਦੇ 2 ਕਰੋੜ ਦੀ ਤੁਲਨਾ 'ਚ 8 ਕਰੋੜ ਰੁਪਏ ਹੋ ਗਈ ਹੈ।
ਕਬੱਡੀ ਲੀਗ ਦੇ ਚੌਥੇ ਸੈਸ਼ਨ 'ਚ ਜਿਥੇ ਟੂਰਨਾਮੈਂਟ ਦੀ ਇਨਾਮੀ ਰਾਸ਼ੀ 2 ਕਰੋੜ ਰੁਪਏ ਸੀ, ਉਸ 'ਚ ਇਸ ਸਾਲ ਪੰਜਵੇਂ ਸੈਸ਼ਨ ਲਈ ਸਿੱਧੇ ਛੇ ਕਰੋੜ ਰੁਪਏ ਵਧਾਉਂਦਿਆਂ 8 ਕਰੋੜ ਰੁਪਏ ਕਰ ਦਿੱਤੀ ਗਈ ਹੈ। ਲੀਗ ਦਾ ਪੰਜਵਾਂ ਸੈਸ਼ਨ 28 ਜੁਲਾਈ ਤੋਂ ਹੈਦਰਾਬਾਦ 'ਚ ਸ਼ੁਰੂ ਹੋਵੇਗਾ। ਚੀਨੀ ਮੋਬਾਇਲ ਕੰਪਨੀ ਵੀਵੋ ਕਬੱਡੀ ਲੀਗ ਦੀ ਮੁੱਖ ਸਪਾਂਸਰ ਹੈ, ਜਿਸ ਨੇ ਮਈ 'ਚ ਹੀ ਅਗਲੇ ਪੰਜ ਸਾਲਾਂ ਲਈ ਲੀਗ ਨਾਲ ਕਰਾਰ ਕੀਤਾ ਹੈ, ਜਿਹੜਾ ਕਰੀਬ 300 ਕਰੋੜ ਰੁਪਏ ਦਾ ਹੈ।
ਕਬੱਡੀ ਲੀਗ 'ਚ ਇਸ ਵਾਰ 12 ਟੀਮਾਂ ਉਤਰਨਗੀਆਂ, ਜਿਹੜੀਆਂ 138 ਮੈਚ ਖੇਡਣਗੀਆਂ। ਜੇਤੂ ਟੀਮ ਨੂੰ 3 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੇਗੀ, ਜਦਕਿ ਉਪ ਜੇਤੂ ਟੀਮ ਨੂੰ 1 ਕਰੋੜ 80 ਲੱਖ ਰੁਪਏ ਦਾ ਇਨਾਮ ਮਿਲੇਗਾ। ਉਥੇ ਹੀ ਤੀਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 1 ਕਰੋੜ 20 ਲੱਖ ਰੁਪਏ ਦਾ ਇਨਾਮ ਮਿਲੇਗਾ। ਚੌਥੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 80 ਲੱਖ ਰੁਪਏ, ਜਦਕਿ ਪੰਜਵੇਂ ਤੇ ਛੇਵੇਂ ਸਥਾਨ ਦੀਆਂ ਟੀਮਾਂ ਨੂੰ 35-35 ਲੱਖ ਰੁਪਏ ਦਾ ਇਨਾਮ ਮਿਲੇਗਾ। 
ਲੀਗ ਦੇ ਸਰਵਸ੍ਰੇਸ਼ਠ ਖਿਡਾਰੀ ਦੇ ਇਨਾਮ ਵਿਚ ਵੀ ਇਸ ਵਾਰ ਵਾਧਾ ਕੀਤਾ ਗਿਆ ਹੈ, ਜਿਸ ਨੂੰ ਹੁਣ 15 ਲੱਖ ਰੁਪਏ ਕਰ ਦਿੱਤਾ ਗਿਆ ਹੈ। ਪਿਛਲੇ ਸੈਸ਼ਨ ਵਿਚ ਇਹ ਇਨਾਮ ਅਨੂਪ ਕੁਮਾਰ ਤੇ ਮਨਜੀਤ ਚਿੱਲਰ ਨੂੰ ਦਿੱਤਾ ਗਿਆ ਸੀ। ਹੋਰ ਵਿਅਕਤੀਗਤ ਐਵਾਰਡਾਂ ਵਿਚ ਸਰਵਸ੍ਰੇਸ਼ਠ ਰੇਡਰ ਨੂੰ 10 ਲੱਖ ਰੁਪਏ, ਸਰਵਸ੍ਰੇਸ਼ਠ ਡਿਫੈਂਡਰ ਨੂੰ 10 ਲੱਖ ਤੇ ਸਰਵਸ੍ਰੇਸ਼ਠ ਨੌਜਵਾਨ ਖਿਡਾਰੀ ਨੂੰ 8 ਲੱਖ ਰੁਪਏ ਦਾ ਇਨਾਮ ਮਿਲੇਗਾ। ਸਰਵਸ੍ਰੇਸ਼ਠ ਮਹਿਲਾ ਤੇ ਪੁਰਸ਼ ਰੈਫਰੀ ਨੂੰ ਸਾਢੇ 3 ਲੱਖ ਰੁਪਏ ਦਾ ਵਿਅਕਤੀਗਤ ਨਕਦ ਇਨਾਮ ਮਿਲੇਗਾ।