ਦਿੱਲੀ ਦੀ ਸੋਮਿਆ ਸਮੇਤ ਇਨ੍ਹਾਂ ਖਿਡਾਰੀਆਂ ਨੇ ਵੀ ਜਿੱਤੇ ਸੋਨ ਤਮਗੇ

07/18/2017 1:33:27 PM

ਗੁੰਟੂਰ — ਰਾਸ਼ਟਰੀ ਅੰਤਰਾਜੀ ਐਥਲੈਟਿਕਸ ਚੈਂਪੀਅਨਸ਼ਿਪ 'ਚ ਦਿੱਲੀ ਦੀ ਸੋਮਿਆ ਬੀ ਨੇ ਸੋਮਵਾਰ ਨੂੰ ਮਹਿਲਾਵਾਂ ਦੀ 20 ਕਿ. ਮੀ. ਪੈਦਲ ਚਾਲ ਮੁਕਾਬਲੇ 'ਚ ਸੋਨੇ ਦਾ ਤਮਗਾ ਜਿੱਤਿਆ। ਸੋਮਿਆ ਨੇ ਇਕ ਘੰਟੇ 42 ਮਿੰਟ 23.68 ਸੈਕੰਡ ਦੇ ਸਮੇਂ 'ਚ ਪੈਦਲ ਚਾਲ ਖਤਮ ਕੀਤੀ। 
ਇਸ ਮੁਕਾਬਲੇ 'ਚ ਪੰਜਾਬ ਦੀ ਕਰਮਜੀਤ ਕੌਰ ਨੂੰ ਦੂਜਾ ਅਤੇ ਉੱਤਰ ਪ੍ਰਦੇਸ਼ ਦੀ ਪ੍ਰਿਯੰਕਾ ਨੂੰ ਤੀਜਾ ਸਥਾਨ ਮਿਲਿਆ। ਸਾਬਕਾ ਰਾਸ਼ਟਰੀ ਚੈਂਪੀਅਨ ਕਰਨਾਟਕ ਦੀ ਖਿਆਤੀ ਵਖਾਰਿਆ ਨੇ ਬਾਂਸ ਜੰਪ 3.70 ਮੀਟਰ ਦੀ ਉਚਾਈ ਨਾਲ ਪਾਰ ਕਰ ਕੇ ਸੋਨ ਤਮਗਾ ਆਪਣੇ ਨਾਂ ਕੀਤਾ। ਇਸ ਤੋਂ ਇਲਾਵਾ ਪੰਜਾਬ ਦੀ ਕਿਰਨਬੀਰ ਕੌਰ ਨੇ ਦੂਜਾ ਅਤੇ ਤਾਮਿਲਨਾਡੂ ਦੀ ਮੰਜੂਕਾ ਨੇ ਇਸ ਜੰਪ 'ਚ ਤੀਜਾ ਸਥਾਨ ਹਾਸਲ ਕੀਤਾ। ਕੇਰਲ ਦੀ ਐੱਨ ਵੀ ਸ਼ੀਨਾ ਨੇ 12.78 ਦੀ ਛਾਲ ਦੇ ਨਾਲ ਮਹਿਲਾ ਤੀਹਰੀ ਛਾਲ ਦਾ ਸੋਨ ਤਮਗਾ ਜਿੱਤਿਆ।
ਰਾਸ਼ਟਰੀ ਰਿਕਾਰਡਧਾਰੀ ਅਨੁ ਰਾਨੀ ਨੇ ਮਹਿਲਾ ਜੈਵਲਿਨ ਥ੍ਰੋਅ ਦਾ ਸੋਨ ਤਮਗਾ 54.29 ਮੀਟਰ ਦੀ ਥ੍ਰੋਅ ਨਾਲ ਜਿੱਤਿਆ। ਚਿੰਤਾ ਯਾਦਵ ਨੇ ਆਪਣੇ ਸਰਵਸ਼੍ਰੇਸ਼ਠ ਸਮੇਂ ਨਾਲ 3000 ਮੀਟਰ ਸਟੀਪਲਚੇਜ ਦਾ ਖਿਤਾਬ ਆਪਣੇ ਨਾਂ ਕੀਤਾ। ਇਸ ਮੁਕਾਬਲੇ 'ਚ ਪੁਰਸ਼ ਵਰਗ ਦੇ ਤਿੰਨ ਤਮਗੇ ਹਰਿਆਣਾ ਦੇ ਹਿੱਸੇ 'ਚ ਗਏ, ਜਿਸ ਦੌਰਾਨ ਜੈਵੀਰ ਨੇ ਸੋਨੇ ਦਾ ਤਮਗਾ, ਨਵੀਨ ਨੇ ਚਾਂਦੀ ਤਮਗਾ ਅਤੇ ਕਰਮਵੀਰ ਨੇ ਕਾਂਸੀ ਤਮਗਾ ਜਿੱਤਿਆ।